ਜੀਵਨ ਕ੍ਰਾਂਤੀ
ਝੁਨੀਰ, 9 ਜਨਵਰੀ
ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਖਾਤਰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਪਿੰਡ ਧਿੰਗੜ, ਚਹਿਲਾਂ ਵਾਲੀ, ਪੇਰੋ, ਬਹਿਣੀਵਾਲ ਅਤੇ ਬਣਾਂਵਾਲੀ ਵਿੱਚ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਕੱਢੇ ਇਸ ਮਾਰਚ ਵਿੱਚ ਕਿਸਾਨਾਂ ਤੇ ਔਰਤਾਂ ਨੇ ਹਿੱਸਾ ਲਿਆ। ਜਾਣਕਾਰੀ ਮੁਤਾਬਿਕ ਮਾਰਚ ਉਪਰੰਤ ਪਿੰਡ ਬਹਿਣੀਵਾਲ ਵਿੱਚ ਵਿਸ਼ਾਲ ਕਾਨਫਰੰਸ ਕੀਤੀ। ਇਸ ਦੌਰਾਨ ਕਾਮਰੇਡ ਰਾਜਵਿੰਦਰ ਰਾਣਾ, ਗੋਰਾ ਸਿੰਘ ਭੈਣੀ ਬਾਘਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਐਡਵੋਕੇਟ ਬਲਵੀਰ ਕੌਰ ਬੀਕੇਯੂ ਏਕਤਾ ਡਕੌਂਦਾ ਨੇ ਕਿਹਾ ਕਿ 13 ਜਨਵਰੀ ਨੂੰ ਸਾਰੇ ਪਿੰਡਾਂ ਵਿੱਚ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਨਥਾਣਾ (ਭਗਵਾਨ ਦਾਸ ਗਰਗ): ਪਿੰਡ ਜੋਗਾਨੰਦ, ਗੋਬਿੰਦਪੁਰਾ ਅਤੇ ਹਰਰੰਗਪੁਰਾ ਵਿੱਚ ਕਿਰਤੀ ਕਾਮਿਆਂ ਨਾਲ ਮੀਟਿੰਗ ਕਰਨ ਉਪਰੰਤ ਯੂਨੀਅਨ ਆਗੂਆਂ ਜਗਦੀਸ਼ ਸਿੰਘ ਤੇ ਅਮਰੀਕ ਸਿੰਘ ਨੇ ਕਿਹਾ ਕਿ ਨਥਾਣਾ ਬਲਾਕ ਨਾਲ ਸਬੰਧਤ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਆਪਣੇ ਟਰੈਕਟਰਾਂ ਸਣੇ ਦਿੱਲੀ ਜਾਣਗੇ।