ਜੋਗਿੰਦਰ ਸਿੰਘ ਮਾਨ
ਮਾਨਸਾ, 28 ਜਨਵਰੀ
ਕਿਸਾਨ ਮੋਰਚੇ ਦੇ ਸੱਦੇ ਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਹੋਰ ਕਿਸਾਨੀ ਮੰਗਾਂ ਮੰਨਵਾਉਣ ਲਈ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਮਾਨਸਾ ’ਤੇ ਚੱਲ ਰਹੇ ਧਰਨੇ ਦੇ 119ਵੇਂ ਦਿਨ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਇੱਕ ਚਾਲ ਤਹਿਤ ਲਾਲ ਕਿਲ੍ਹੇ ’ਤੇ ਵਾਪਰੀ ਦੁਰਭਾਗੀ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਗਈ। ਜਥੇਬੰਦੀਆਂ ਨੇ ਕਿਹਾ ਕਿ ਅੰਦੋਲਨ ਵਿੱਚ ਅਜਿਹੇ ਲੋਕਾਂ ਦੇ ਭਾਗੀਦਾਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗੀ, ਜੋ ਲੋਕ ਆਪਣੇ ਮਨੋਰਥ ਲਈ ਅਜਿਹੇ ਅੰਦੋਲਨ ਦਾ ਸਹਾਰਾ ਲੈਂਦੇ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਸੰਯੁਕਤ ਮੋਰਚਾ ਦੇ ਸੱਦੇ ’ਤੇ ਕੀਤੇ ਜਾ ਰਹੇ ਟਰੈਕਟਰ ਮਾਰਚ ’ਚ ਸ਼ਰਾਰਤੀ ਅਨਸਰਾਂ ਵੱਲੋਂ ਵਿਘਨ ਪਾਉਣ ਤੇ ਕੁਝ ਲੋਕਾਂ ਨੂੰ ਭੜਕਾ ਕੇ ਲਾਲ ਕਿਲ੍ਹੇ ਦੀ ਦੁਰਭਾਗੀ ਘਟਨਾ ਨੂੰ ਸਰਕਾਰ ਦੀ ਸ਼ਹਿ ਨਾਲ ਅਜਾਮ ਦੇਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨਾਂ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਤੁਰੰਤ ਪਰਵਾਨ ਕੀਤੀਆਂ ਜਾਣ।
ਇਸ ਮੌਕੇ ਤੇਜ ਚਕੇਰੀਆਂ, ਮੇਜਰ ਸਿੰਘ ਦੂਲੋਵਾਲ, ਇਕਬਾਲ ਸਿੰਘ ਮਾਨਸਾ, ਮਹਿੰਦਰ ਸਿੰਘ ਭੈਣੀਬਾਘਾ, ਮੇਜਰ ਸਿੰਘ ਦੂਲੋਵਾਲ, ਛੱਜੂ ਰਾਮ ਰਿਸ਼ੀ, ਬੋਹੜ ਸਿੰਘ ਮਾਨਸਾ, ਦਰਸ਼ਨ ਸਿੰਘ ਮਾਨਬੜੀਆ ਆਦਿ ਨੇ ਵੀ ਸੰਬੋਧਨ ਕੀਤਾ।