ਨਿੱਜੀ ਪੱਤਰ ਪ੍ਰੇਰਕ
ਧਨੌਲਾ, 5 ਜੁਲਾਈ
ਨਗਰ ਕੌਂਸਲ ਧਨੌਲਾ ਵੱਲੋਂ ਲੱਖਾਂ ਰੁਪਏ ਦੇ ਅਚੇਤ ਖਰਚਾ ਬਿੱਲ ਪਾਉਣ ਦਾ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਮਾਰਚ ਮਹੀਨੇ ਵਿਚ ਕੌਂਸਲਰਾਂ ਦੀ ਮਿਆਦ ਖ਼ਤਮ ਹੋਣ ਮਗਰੋਂ ਐੱਸਡੀਐੱਮ ਬਰਨਾਲਾ ਨੂੰ ਨਗਰ ਕੌਂਸਲ ਧਨੌਲਾ ਦਾ ਪ੍ਰਸ਼ਾਸਕ ਲਗਾ ਦਿੱਤਾ ਗਿਆ। ਨਗਰ ਕੌਂਸਲ ਅਮਲੇ ਨੇ ਸਿਰਫ ਸਾਢੇ ਤਿੰਨ ਮਹੀਨੇ ਵਿਚ ਹੀ ਲੱਖਾਂ ਰੁਪਏ ਦੇ ਅਚੇਤ ਖਰਚਾ ਬਿੱਲ ਅਛੋਪਲੇ ਜਿਹੇ ਪਾਸ ਕਰਵਾ ਲਏ ਸਨ। ਬੇਸ਼ੱਕ ਜਾਣਕਾਰੀ ਦੇ ਬਾਵਜੂਦ ਕਿਸੇ ਵੀ ਕੌਂਸਲਰ ਨੇ ਜ਼ੁਬਾਨ ਨਾ ਖੋਲ੍ਹੀ ਪਰ ‘ਪੰਜਾਬੀ ਟ੍ਰਿਬਿਊਨ’ ਦੀ ਖ਼ਬਰ ਦਾ ਨੋਟਿਸ ਲੈਂਦਿਆਂ ਐੱਸਡੀਐੱਮ ਬਰਨਾਲਾ ਨੇ ਸਾਰੇ ਅਚੇਤ ਖਰਚਾ ਬਿੱਲਾਂ ਦਾ ਰਿਕਾਰਡ ਤਲਬ ਕਰ ਲਿਆ ਹੈ। ਇਕ ਪਾਸੇ ਤਾਂ ਨਗਰ ਕੌਂਸਲ ਨੇ ਪਾਵਰਕੌਮ ਦਾ ਤਿੰਨ ਕਰੋੜ ਤੋ ਵੱਧ ਰੁਪਇਆ ਦੇਣਾ ਹੈ ਪਰ ਦੂਜੇ ਪਾਸੇ ਪ੍ਰਸ਼ਾਸਕ ਦੇ ਸਮੇਂ ਦੌਰਾਨ ਨਵੇਂ ਕਾਮੇ ਭਰਤੀ ਕਰਨ ਦੀ ਅਮਲ ਚਲਾਇਆ ਜਾ ਰਿਹਾ ਹੈ। ਨਗਰ ਕੌਂਸਲ ਵਿਚ ਕਦੇ ਵੀ ਨਜ਼ਰ ਨਾ ਆਏ ਇਕ ਵਿਅਕਤੀ ਨੂੰ ਲਗਾਤਾਰ ਦਿੱਤੀ ਜਾ ਰਹੀ ਤਨਖਾਹ ’ਤੇ ਵੀ ਪ੍ਰਸ਼ਾਸਕ ਜਵਾਬ ਮੰਗਿਆ ਹੈ। ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਨੇ ਪੁਸ਼ਟੀ ਕੀਤੀ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਛਾਣਬੀਣ ਤੋਂ ਬਾਅਦ ਅਗਲੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ।