ਪੱਤਰ ਪ੍ਰੇਰਕ
ਬੁਢਲਾਡਾ, 31 ਅਕਤੂਬਰ
ਇੱਥੇ ਇਸ ਵਾਰ ਸਾਉਣੀ ਦੀ ਮੁੱਖ ਫ਼ਸਲ ਜੀਰੀ ਪਰਮਲ ਅਤੇ ਜੀਰੀ ਬਾਸਮਤੀ ਦੀ ਭਰਵੀਂ ਫ਼ਸਲ ਕਾਰਨ ਕਿਸਾਨ ਖੁਸ਼ ਹਨ। ਥੋੜ੍ਹਾ ਸਮਾਂ ਪਹਿਲਾਂ ਨਰਮੇਂ ਦੀ ਫ਼ਸਲ ਦਾ ਭਾਅ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ’ਤੇ ਪੁੱਜ ਗਿਆ ਸੀ ਜੋ ਹੁਣ 8400 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ ਜਿਸ ਕਰਕੇ ਬਹੁਤੇ ਕਿਸਾਨ ਨਿਰਾਸ਼ ਨਜ਼ਰ ਆ ਰਹੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਖੇਤਰ ਦੀਆਂ ਮੰਡੀਆਂ ਵਿੱਚ 60 ਪ੍ਰਤੀਸ਼ਤ ਜੀਰੀ ਪਰਮਲ ਦੀ ਆਮਦ ਹੋ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਤਾਂ ਜੋ ਪਿੰਡਾਂ ਤੇ ਸ਼ਹਿਰਾਂ ਵਿਚ ਪ੍ਰਦੂਸ਼ਣ ਘੱਟ ਸਕੇ। ਇਸ ਵਾਰ ਝੋਨੇ ਦੀ ਭਰਵੀਂ ਫ਼ਸਲ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਪੁਰਾਣੀ ਖੰਡ ਮਿੱਲ ਹੁਣ ਪੁੱਡਾ ਇਨਕਲੇਵ ਵਿਖੇ ਵੀ ਇੱਕ ਆਰਜ਼ੀ ਖਰੀਦ ਕੇਂਦਰ ਤਿਆਰ ਕਰਵਾਇਆ ਗਿਆ। ਮੰਡੀ ਸੁਪਰਵਾਈਜ਼ਰ ਸੁਖਜੀਤ ਸਿੰਘ ਦਾਤੇਵਾਸ, ਕੁਲਦੀਪ ਭੀਖੀ ਦਾ ਕਹਿਣਾ ਸੀ ਕਿ ਇਸ ਖੇਤਰ ਵਿੱਚ ਜੀਰੀ ਬਾਸਮਤੀ 1509 ਅਤੇ 1121 ਦਾ ਭਾਅ 3200 ਤੋਂ 3565 ਪ੍ਰਤੀ ਕੁਇੰਟਲ ਚੱਲ ਰਿਹਾ ਹੈ।