ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਸਤੰਬਰ
ਸਿਹਤ ਵਿਭਾਗ ਫ਼ਰੀਦਕੋਟ ਨੇ ਹਸਪਤਾਲਾਂ ਵਿੱਚ ਦਾਖ਼ਲ ਕਰੋਨਾਂ ਮਰੀਜ਼ਾਂ ਦੇ ਅੰਗ ਕੱਢਣ ਦੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਕੱਕੜ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਹਸਪਤਾਲਾਂ ਵਿੱਚ ਦਾਖ਼ਲ ਕਰੋਨਾ ਮਰੀਜ਼ਾਂ ਦੇ ਅੰਗ ਕੱਢਣ ਬਾਰੇ ਗੱਲ ਕੀਤੀ ਜਾ ਰਹੀ ਹੈ, ਨੂੰ ਗ਼ਲਤ ਦੱਸਿਆ ਹੈ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਡਾ. ਕੱਕੜ ਨੇ ਦੱਸਿਆ ਕਿ ਅੰਗ ਟ੍ਰਾਂਸਪਲਾਂਟੇਸ਼ਨ ਦਾ ਕੰਮ ਔਖਾ ਹੈ ਅਤੇ ਇਸ ਲਈ ਲਗਭਗ ਵੀਹ ਦੇ ਕਰੀਬ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇ ਡੋਨਰ ਟਰਾਂਸਪਲਾਂਟ ਕਰਨ ਦੇ ਕਾਬਿਲ ਹੁੰਦਾ ਹੈ ਤਾਂ ਹੀ ਇਹ ਟਰਾਂਸਪਲਾਂਟੇਸ਼ਨ ਕੀਤੀ ਜਾਂਦੀ ਹੈ ਅਤੇ ਅੰਗ ਨੂੰ ਸੰਭਾਲਣ ਲਈ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਇਹ ਟਰਾਂਸਪਲਾਂਟੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਮਰੀਜ਼ ਦਾ ਕੋਈ ਅੰਗ ਤੰਦਰੁਸਤ ਵਿਅਕਤੀ ਦੇ ਸਰੀਰ ਵਿੱਚ ਨਹੀਂ ਪਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕਰੋਨਾ ਦੇ ਵੱਧ ਤੋਂ ਵੱਧ ਟੈਸਟ ਇਸ ਲਈ ਕੀਤੇ ਜਾ ਰਹੇ ਹਨ ਕਿਉਂਕਿ ਸਿਹਤ ਵਿਭਾਗ ਨੂੰ ਪ੍ਰਤੀ ਕੇਸ ਤਿੰਨ ਲੱਖ ਰੁਪਏ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਹ ਅਫ਼ਵਾਹ ਝੂਠੀ ਹੈ।