ਪੱਤਰ ਪ੍ਰੇਰਕ
ਤਪਾ ਮੰਡੀ, 13 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹਲਕੇ ਦੇ ਵੱਡੀ ਗਿਣਤੀ ਅਕਾਲੀ ਪਰਿਵਾਰਾਂ ਨੇ ਐਡਵੋਕੇਟ ਰਾਹੀ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਦਿੱਤਾ ਹੈ। ਬਾਗੀ ਹੋਏ ਵਰਕਰਾਂ ਨੇ ਲੋਕ ਅਧਿਕਾਰ ਲਹਿਰ ਪਾਰਟੀ ਦਾ ਸਮਰਥਨ ਕਰਦਿਆਂ ਗੁਰਜੀਤ ਸਿੰਘ ਖੁੱਡੀ ਨੂੰ ਹੀ ਹਲਕਾ ਭਦੌੜ (ਰਿਜ਼ਰਵ) ਤੋਂ ਆਪਣਾ ਉਮੀਦਵਾਰ ਮੰਨ ਲਿਆ ਹੈ। ਇਹ ਐਲਾਨ ਸਾਬਕਾ ਪਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਦੇ ਭਰਾ ਬੂਟਾ ਸਿੰਘ ਗੁਰੂ ਨੇ ਕੀਤਾ।
ਕਾਂਗਰਸ ਦਾ ਅੰਦਰੂਨੀ ਕਲੇਸ਼ ਵਧਿਆ
ਰਾਮਾਂ ਮੰਡੀ (ਪੱਤਰ ਪ੍ਰੇਰਕ): ਕਾਂਗਰਸੀ ਪਾਰਟੀ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਲੋਹੜੀ ਅਤੇ ਮੱਕਰ ਸੰਕ੍ਰਾਂਤੀ ਦੇ ਵਧਾਈ ਪੋਸਟਰ ਮੰਡੀ ਵਿੱਚ ਲਗਾਏ ਗਏ ਸਨ ਜਿਹੜੇ ਕਾਂਗਰਸ ਦੇ ਹੋਰ ਧੜਿਆਂ ਨਾਲ ਸਬੰਧਤ ਲੋਕਾਂ ਵੱਲੋਂ ਰਾਤ ਦੇ ਹਨੇਰੇ ਵਿੱਚ ਪਾੜ ਦਿੱਤੇ ਗਏ। ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪ੍ਰਚਾਰ ਕਰਨ ਲਈ ਲੱਗੇ ਹੋਰਡਿੰਗ ਉਤਾਰੇ ਗਏ ਹਨ ਪਰ ਤਿਉਹਾਰਾਂ ਦੀ ਵਧਾਈ ਦੇਣ ਵਾਲੇ ਪੋਸਟਰਾਂ ਨਾਲ ਕੌਂਸਲ ਵੱਲੋਂ ਕੋਈ ਛੇੜਛਾੜ ਨਹੀਂ ਕੀਤੀ ਗਈ।