ਖੇਤਰੀ ਪ੍ਰਤੀਨਿਧ
ਬਰਨਾਲਾ, 10 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾਈ ਛਿਮਾਹੀ ਸੂਬਾਈ ਇਕੱਤਰਤਾ ਸਥਾਨਕ ਤਰਕਸ਼ੀਲ ਭਵਨ ਵਿੱਚ ਹੋਈ। ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ ਨੇ ਇਕੱਠ ਨੂੰ ‘ਜੀ ਆਇਆਂ’ ਆਖਦਿਆਂ ਸੁਸਾਇਟੀ ਤੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਛੇੜੀ।
ਹਕੂਮਤੀ ਫਾਸ਼ੀਵਾਦ ਨੂੰ ਇੱਕ ਗੰਭੀਰ ਖ਼ਤਰਾ ਬਿਆਨਦਿਆਂ ਮਾਤ ਦੇਣ ਲਈ ਵਿਗਿਆਨਕ ਤੇ ਜਮਾਤੀ ਚੇਤਨਾ ਦੇ ਪਸਾਰ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਭਰਮ ਮੁਕਤ ਸਮਾਜ ਲਈ ਤਰਕਸ਼ੀਲਾਂ ਨੂੰ ਚੇਤਨਾ ਦੇ ਦੀਪ ਬਣ ਕੇ ਵਿਚਰਨ ਦਾ ਸੱਦਾ ਦਿੱਤਾ। ਇਕੱਤਰਤਾ ਦੌਰਾਨ ਤਰਕਸ਼ੀਲ ਲਹਿਰ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵਾਧੇ, ‘ਤਰਕਸ਼ੀਲ ਮੈਗਜ਼ੀਨ’ ਨੂੰ ਵੱਧ ਤੋ ਵੱਧ ਪਾਠਕਾਂ ਤੱਕ ਪਹੁੰਚਾਉਣ, ਸਰਗਰਮੀਆਂ ਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕੁਲਵਿੰਦਰ ਨਗਾਰੀ, ਮਨਜੀਤ ਸਿੰਘ ਸ਼ਾਹਕੋਟ, ਰਾਮ ਕੁਮਾਰ ਪਟਿਆਲਾ, ਪਰਮਵੇਦ ਸੰਗਰੂਰ, ਅਸ਼ੋਕ ਕੁਮਾਰ ਰੋਪੜ ਤੇ ਅਵਤਾਰ ਬਰਨਾਲਾ ਨੇ ਹਮ-ਖਿਆਲ ਅਤੇ ਅਗਾਂਹਵਧੂ ਜਥੇਬੰਦੀਆਂ ਜਿਵੇਂ ਕਿਸਾਨ , ਅਧਿਆਪਕ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਨਾਲ ਸੰਵਾਦ ਰਚਾ ਕੇ ਵਿਗਿਆਨਕ ਸੋਚ ਦੇ ਫੈਲਾਅ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਨ ਦਾ ਸੁਝਾਅ ਦਿੱਤਾ।