ਪਰਮਜੀਤ ਸਿੰਘ
ਫਾਜ਼ਿਲਕਾ, 6 ਮਈ
ਰਾਸ਼ਨ ਡਿੱਪੂ ਹੋਲਡਰ ਐਸੋਸੀਏਸ਼ਨ ਪੰਜਾਬ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਐੱਸ.ਡੀ.ਐੱਮ. ਫਾਜ਼ਿਲਕਾ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ’ਚ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਅਬੋਹਰ, ਫਾਜ਼ਿਲਕਾ, ਬੱਲੂਆਣਾ, ਜਲਾਲਾਬਾਦ, ਰੋੜਾ ਵਾਲੀ, ਲਾਧੂਕਾ, ਖੂਈਆਂ ਸਰਵਰ, ਸੀਤੋ, ਖੂਈਆਂ ਸਰਵਰ ਦੇ ਡਿਪੂ ਹੋਲਡਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਯੂਨੀਅਨ ਦੀ ਸਟੇਟ ਜਨਰਲ ਸਕੱਤਰ ਰਜਨੀਸ਼ ਰਵੀ ਜਲਾਲਾਬਾਦ, ਵਿਨੋਦ ਡੋਡੀ, ਬਲਰਾਮ, ਇੰਦਰਜੀਤ ਨੇ ਪੰਜਾਬ ਸਰਕਾਰ ਦੀ ਨਵੀਂ ਵੰਡ ਨੀਤੀ ਘਰ ਘਰ ਆਟਾ ਪਹੁੰਚਾਉਣ ’ਚੋਂ ਡਿਪੂ ਹੋਲਡਰਾਂ ਨੂੰ ਬਹਾਰ ਕਰਨ ਦੀ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡਿਪੂ ਹੋਲਡਰਾਂ ਨੂੰ 50 ਪ੍ਰਤੀ ਕੁਇੰਟਲ ਕਮਿਸ਼ਨ ਮਿਲਦਾ ਹੈ ਜੋ ਪੈਸਾ ਸਰਕਾਰ ਇਸ ਸਕੀਮ ਲਈ ਖਰਚਣ ਲਈ ਰੱਖਿਆ ਹੈ ਉਸ ਨਾਲ ਡਿਪੂ ਹੋਲਡਰ ਵੀ ਅਸਾਨੀ ਤੇ ਪਾਰਦਰਸ਼ਤਾ ਨਾਲ ਕੰਮ ਕਰ ਸਕਦੇ ਹਨ। ਘਰ ਘਰ ਰਾਸ਼ਨ ਪਹੁੰਚਾਉਣ ਦੀ ਮੰਗ ਲਾਭਪਾਤਰੀਆਂ ਦੀ ਨਹੀਂ ਹੈ ਤੇ ਨਾ ਹੀ ਮਹੀਨਾਵਾਰ ਆਟੇ ਦੀ ਕੋਈ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਭਪਾਤਰੀ ਤੇ ਡਿਪੂ ਹੋਲਡਰ ਸਰਕਾਰ ਕੋਲੋਂ ਪੂਰਾ ਰਾਸ਼ਨ ਮੰਗਦੇ ਹਨ ਪਰ ਪੰਜਾਬ ’ਚ ਤਿੰਨ ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਾਲੀ ਕਣਕ ਨਹੀਂ ਮਿਲ ਰਹੀ। ਜੋ ਕਣਕ ਪੰਜਾਬ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾਈ ਹੈ ਉਹ ਰਾਸ਼ਨ ਦੇਣ ’ਚ ਸੂਬਾ ਸਰਕਾਰ ਹੁਣ ਤੱਕ ਨਹੀਂ ਉਪਲਬਧ ਕਰਵਾ ਸਕੀ।