ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੁਲਾਈ
ਵਿਆਹੁਤਾ ਮਹਿਲਾ ਮੁਲਾਜ਼ਮ ਨਾਲ ਜਬਰ-ਜਨਾਹ ਕਰਨ ਅਤੇ ਇੰਟਰਨੈੱਟ ਉੱਤੇ ਤਸਵੀਰਾਂ ਪਾਉਣ ਦੀ ਧਮਕੀ ਦੇ ਕੇ ਕਥਿਤ ਬਲੈਕਮੇਲ ਕਰ ਕੇ ਲੱਖਾਂ ਰੁਪਏ ਬਟੋਰਨ ਦੇ ਦੋਸ਼ਾਂ ਹੇਠ ਘਿਰੇ ਮੁਅੱਤਲ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਨੂੰ ਹਾਈ ਕੋਰਟ ’ਚੋਂ ਵੀ ਰਾਹਤ ਨਹੀਂ ਮਿਲੀ। ਹਾਈ ਕੋਰਟ ਨੇ ਉਸ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਮੁਲਜ਼ਮ ਦੇ ਮੋਬਾਈਲ ਵਿਚੋਂ 600 ਮੈਸੇਜ, ਫੋਟੋਆਂ, ਵੀਡੀਓਜ਼ ਅਤੇ ਹੋਰ ਸਮੱਗਰੀ ਮਿਲੀ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜਸਟਿਸ ਰਾਜਬੀਰ ਸਹਿਰਾਵਤ ਦੀ ਅਦਾਲਤ ਵਿਚ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਮੁਲਜ਼ਮ ਹਾਕਮ ਧਿਰ ਨਾਲ ਜੁੜਿਆ ਹੋਇਆ ਹੈ ਅਤੇ ਉਸ ’ਤੇ ਗੰਭੀਰ ਦੋਸ਼ ਹੋਣ ਕਾਰਨ ਉਸ ਨੂੰ ਪੇਸ਼ਗੀ ਜ਼ਮਾਨਤ ਨਹੀਂ ਮਿਲ ਸਕਦੀ। ਹਾਈ ਕੋਰਟ ਦੀ ਹਦਾਇਤ ’ਤੇ ਪੁਲੀਸ ਨੇ ਪੀੜਤ ਮਹਿਲਾ ਮੁਲਾਜ਼ਮ ਦੇ ਸਬ-ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿਚ ਬਿਆਨ ਵੀ ਦਰਜ ਕਰਵਾ ਦਿੱਤੇ ਹਨ। ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਰੁਣ ਜੋਸ਼ੀ ਨੂੰ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਪੱਕੇ ਤੌਰ ’ਤੇ ਨਹੀਂ ਹਟਾਇਆ ਗਿਆ।
ਮੇਰੇ ’ਤੇ ਝੂਠੇ ਦੋਸ਼ ਲਾਏ ਗਏ: ਵਰੁਣ ਜੋਸ਼ੀ
ਵਰੁਣ ਜੋਸ਼ੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਉਸ ਨੇ ਪਿੰਡ ਦੇ ਸਾਬਕਾ ਡੀਐੱਸਪੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਸੀ। ਇਸ ਰੰਜਿਸ਼ ਤਹਿਤ ਉਸ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਗਾਏ ਗਏ ਹਨ।