ਪੱਤਰ ਪ੍ਰੇਰਕ
ਮਹਿਲ ਕਲਾਂ, 8 ਜੂਨ
ਪਿਛਲੇ ਦਿਨੀਂ ਨੇੜਲੇ ਪਿੰਡ ਮੂੰਮ ਦੀ ਵਸਨੀਕ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਔਰਤ ਨਾਲ ਹੋਏ ਕਥਿਤ ਜਬਰ-ਜਨਾਹ ਦੇ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਇੱਕ ਵਫਦ ਥਾਣਾ ਮਹਿਲ ਕਲਾਂ ਦੇ ਐਸਐਚਓ ਅਮਰੀਕ ਸਿੰਘ ਨੂੰ ਮਿਲਿਆ। ਇਸ ਮੌਕੇ ਬਸਪਾ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਬਰ-ਜਨਾਹ ਦੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਥਾਣਾ ਮਹਿਲ ਕਲਾਂ ਪਹੁੰਚੇ ਮੋਹਤਬਰਾਂ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਪਿੰਡ ਮੂੰਮ ਦੀ ਪੀੜਤ ਔਰਤ ਨੂੰ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਦੇ ਘਰ ਧੋਖੇ ਨਾਲ ਬੁਲਾ ਕੇ ਜ਼ਬਰਦਸਤੀ ਕੀਤੀ ਗਈ ਸੀ ਜਿਸਦਾ ਥਾਣਾ ਮਹਿਲ ਕਲਾਂ ਕੇਸ ਦਰਜ ਹੋ ਚੁੱਕਾ ਹੈ ਤੇ ਜਿਸ ਔਰਤ ਦੇ ਘਰ ਜਬਰ-ਜਨਾਹ ਹੋਇਆ ਸੀ ਪੁਲੀਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਮੁੱਖ ਮੁਲਜ਼ਮ ਅਜੇ ਤੱਕ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।
ਇਸ ਮਸਲੇ ਸਬੰਧੀ ਪੁਲੀਸ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਅਮਰੀਕ ਸਿੰਘ ਨੇ ਵਫਦ ਨੂੰ ਵਿਸ਼ਵਾਸ਼ ਦਵਾਇਆ ਕਿ ਕੇਸ ਵਿੱਚ ਨਾਮਜ਼ਦ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।