ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 7 ਦਸੰਬਰ
ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਸਰਕਾਰ ਵੱਲੋਂ ਪਿੰਡ ਲਈ ਮਿਲੇ ਵੱਕਾਰੀ ਪੁਰਸਕਾਰ ਦੋ ਰਾਸ਼ਟਰੀ ਐਵਾਰਡ ਸਮੇਤ ਰਾਸ਼ੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਪਿੰਡ ਰਣਸੀਂਹ ਕਲਾਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਬਦਲੇ ਮਾਰਚ 2020 ਵਿੱਚ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਨਾਨਾ ਜੀ ਦੇਸ਼ ਮੁੱਖ ਗੌਰਵ ਰਾਸ਼ਟਰੀ ਪੁਰਸਕਾਰ ਅਤੇ ਅਗਸਤ 2020 ਵਿੱਚ ਖੇਤੀ ਮੰਤਰੀ ਤੋਮਰ ਵੱਲੋਂ ਦੀਨ ਦਿਆਲ ਉਪਾਧਾਇਯ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।
ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਕਿਹਾ,‘ਅਸੀਂ ਸਮੁੱਚੀ ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਸਰਕਾਰ ਵੱਲੋਂ ਥੋਪੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦੋ ਰਾਸ਼ਟਰੀ ਪੁਰਸਕਾਰ ਸਮੇਤ 18 ਲੱਖ ਰੁਪਏ ਦੀ ਰਾਸ਼ੀ ਦੇ ਵਾਪਸ ਕੀਤੇ ਜਾਣਗੇ। ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਕਿਹਾ,‘ਕੱਲ੍ਹ ਅਸੀਂ ਦਿੱਲੀ ਵੱਲ ਕੂਚ ਕਰ ਰਹੇ ਹਾਂ ਅਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਦੋ ਵੱਕਾਰੀ ਰਾਸ਼ਟਰੀ ਪੁਰਸਕਾਰ ਤੇ ਰਾਸ਼ੀ ਸਮੇਤ ਸਰਕਾਰ ਨੂੰ ਵਾਪਸ ਕਰ ਦੇਣਗੇ। ਸਾਨੂੰ ਸਰਕਾਰੀ ਪੈਸੇ ਤੇ ਸਨਾਮਨ ਨਾਲੋਂ ਕਿਸਾਨਾਂ ਦੇ ਹਿੱਤ ਜ਼ਿਆਦਾ ਪਿਆਰੇ ਹਨ।’