ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਫ਼ਰਵਰੀ
ਇਥੇ ਸਾਹਿਤ ਧਾਰਾ ਵਲੋਂ ਪ੍ਰਸਿੱਧ ਗਜ਼ਲਗੋ ਰਣਜੀਤ ਸਰਾਂਵਾਲੀ ਦੇ ਨਵੇਂ ਗਜ਼ਲ ਸੰਗ੍ਰਹਿ ‘ਸ਼ੀਸ਼ੇ ਦੀ ਅੱਖ’ ਰਿਲੀਜ਼ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿਧ ਨਾਵਲਕਾਰ ਤੇ ਵਿਅੰਗਕਾਰ ਕੇ ਐੱਲ ਗਰਗ, ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ਾਇਰ ਬੂਟਾ ਸਿੰਘ ਚੌਹਾਨ, ਇਨਕਲਾਬੀ ਸ਼ਾਇਰ ਮਹਿੰਦਰ ਸਾਥੀ ਅਤੇ ਲੋਕ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਉੱਘੇ ਆਲੋਚਕ ਸੁਰਜੀਤ ਬਰਾੜ ਨੇ ਕੀਤੀ। ਇਸ ਮੌਕੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਰਣਜੀਤ ਸਰਾਂਵਾਲੀ ਨੂੰ ਪਹਿਲੀ ਹੀ ਪੁਸਤਕ ਉੱਪਰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲ ਜਾਣ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸਦੀ ਸ਼ਾਇਰੀ ਨੂੰ ਹਰ ਪੱਧਰ ਉੱਪਰ ਪ੍ਰਵਾਨਗੀ ਪ੍ਰਾਪਤ ਹੋਈ ਹੈ। ਸ਼ਾਇਰ ਬੂਟਾ ਸਿੰਘ ਚੌਹਾਨ ਤੇ
ਵਿਅੰਗ ਲੇਖਕ ਕੇਐੱਲ ਗਰਗ ਨੇ ਸਰਾਂਵਾਲੀ ਨੂੰ ਸੂਖਮ ਭਾਵਨਾਵਾਂ ਵਾਲਾ ਸੁਚੇਤ ਸ਼ਾਇਰ ਕਿਹਾ। ਅਮਰ ਸੂਫੀ ਨੇ ਆਖਿਆ ਕਿ ਲਗਾਤਾਰ ਅਧਿਐਨ ਕਰਦੇ ਰਹਿਣ ਕਰਕੇ ਸਰਾਂਵਾਲੀ ਦੀ ਸ਼ਾਇਰੀ ਵਿੱਚ ਪਰਿਪੱਕਤਾ ਆਈ ਹੈ। ਮਹਿੰਦਰ ਸਾਥੀ ਅਨੁਸਾਰ ਰਣਜੀਤ ਸਰਾਂਵਾਲੀ ਦੀ ਸ਼ਾਇਰੀ ਵਿੱਚ ਇਤਿਹਾਸ, ਮਿਥਿਹਾਸ ਅਤੇ ਸਭਿਆਚਾਰ ਦੀ ਖੂਬਸੂਰਤ ਪੇਸ਼ਕਾਰੀ ਹੁੰਦੀ ਹੈ। ਜਾਗੀਰ ਖੋਖਰ, ਕ੍ਰਿਸ਼ਨ ਪਰਤਾਪ ਨਾਵਲਕਾਰ ਅਤੇ ਦੀਪ ਦਿਲਦਾਰ ਨੇ ਰਣਜੀਤ ਸਰਾਂਵਾਲੀ ਦੀ ਪੁਸਤਕ ‘ਸ਼ੀਸ਼ੇ ਦੀ ਅੱਖ’ ਵਿਚਲੀਆਂ ਗਜ਼ਲਾਂ ਵਿੱਚ ਪਾਈ ਜਾਂਦੀ ਰਾਜਨੀਤਕ ਚੇਤਨਾ ਦੀ ਸ਼ਾਲਾਘਾ ਕੀਤੀ।