ਲਖਵੀਰ ਸਿੰਘ ਚੀਮਾ
ਟੱਲੇਵਾਲ, 4 ਅਗਸਤ
ਪੰਜਾਬੀ ਰੰਗਮੰਚ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਸਦਕਾ ਸਿਰਜਣਾ ਆਰਟ ਗਰੁੱਪ ਰਾਏਕੋਟ ਵਲੋਂ ਡਾ. ਸੋਮਪਾਲ ਹੀਰਾ ਤੇ ਪ੍ਰੋ. ਕੰਵਲ ਢਿੱਲੋਂ ਵਲੋਂ ਰੰਗਕਰਮੀ ਰੇਸ਼ਮ ਚੌਹਾਨ ਨੂੰ ਗੁਰਦੀਪ ਕੌਰ ਢਿੱਲੋਂ ਯਾਦਗਾਰੀ 5ਵਾਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਰੇਸ਼ਮ ਚੌਹਾਨ ਆਜ਼ਾਦ ਰੰਗਮੰਚ ਬਰਨਾਲਾ ਦੀ ਬੇਹਤਰੀਨ ਕਲਾਕਾਰ ਹੈ। ਉਹ ਆਪਣੇ ਪਤੀ ਰੰਗਕਰਮੀ ਰਣਜੀਤ ਚੌਹਾਨ ਨਾਲ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਦੁੱਖਾਂ ਤਕਲੀਫ਼ਾਂ, ਸਮਾਜਿਕ ਬੁਰਾਈਆਂ ’ਤੇ ਆਧਾਰਿਤ ਆਪਣੇ ਨਾਟਕਾਂ ਰਾਹੀਂ ਚੇਤਨ ਕਰ ਰਹੀ ਹੈ। ਨਾਟਕਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਕਲਾ ਨੂੰ ਬਾਖੂਬੀ ਢੰਗ ਨਾਲ ਨਿਭਾ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ਾਂ ’ਚ ਪੰਜਾਬ ਤੇ ਦਿੱਲੀ ਜਾ ਕੇ ਵੀ ਆਪਣੇ ਨਾਟਕਾਂ ਰਾਹੀਂ ਯੋਗਦਾਨ ਪਾ ਰਹੀ ਹੈ। ਨਾਟ ਘਰ ਰਾਏਕੋਟ ’ਚ ਰੱਖੇ ਸਮਾਗਮ ਦੌਰਾਨ ਰੇਸ਼ਮ ਚੌਹਾਨ ਨੂੰ ਰੰਗਦਾਰ ਫੁਲਕਾਰੀ, ਪੁਰਸਕਾਰ, ਨਕਦ ਰਾਸ਼ੀ ਅਤੇ ਕਿਤਾਬਾਂ ਦੇ ਸੈੱਟ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਰੰਗਕਰਮੀ ਰੇਸ਼ਮ ਚੌਹਾਨ ਨੇ ਸਨਮਾਨ ਦੇਣ ਲਈ ਡਾ.ਸੋਮਪਾਲ ਹੀਰਾ ਤੇ ਪ੍ਰੋ.ਕੰਵਲ ਢਿੱਲੋਂ ਦਾ ਧੰਨਵਾਦ ਕੀਤਾ।