ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਮਾਰਚ
10 ਮਾਰਚ ਨੂੰ ਪੰਜਾਬ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਵਾਸਤੇ ਲਗਾਏ ਗਏ ਸਟਾਫ ਦੀ ਰੈਂਡਮਾਈਜੇਸ਼ਨ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ ਵਾਈਜ ਨਿਯੁਕਤ ਜਨਰਲ ਅਬਜ਼ਰਵਰ ਸੁੱਖ ਲਾਲ ਭਾਰਤੀ, ਸੁਮੇਧਨ ਪੇਲੱਈ ਤੇ ਸੁਨੀਲ ਲਾਲ ਦੀ ਅਗਵਾਈ ਹੇਠ ਸਥਾਨਕ ਐਨ.ਆਈ.ਸੀ. ਮੀਟਿੰਗ ਹਾਲ ਵਿੱਚ ਹੋਈ। ਜ਼ਿਲ੍ਹਾ ਚੋਣ ਅਫਸਰ ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਤੇ ਅੱਜ ਵੋਟਾਂ ਦੀ ਗਿਣਤੀ ਲਈ ਕਾਊਟਿੰਗ ਸਟਾਫ ਵਿੱਚ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰੈੱਡਮਾਈਜੇਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਤਿੰਨਾਂ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਅਬਜਰਵਰਾਂ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਦੀ ਕਾਊਟਿੰਗ ਲਈ 14-14 ਟੇਬਲ ਲਗਾਏ ਗਏ ਹਨ, ਜਿੱਥੇ ਬੂਥ ਵਾਈਸ ਈ.ਵੀ.ਐੱਮ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਹੋਵੇਗੀ ਜਦੋਂਕਿ ਸਰਵਿਸ ਵੋਟਰਾਂ/ਪੋਸਟਲ ਬੈਲਟ ਪੇਪਰ ਦੀ ਗਿਣਤੀ ਲਈ ਵੱਖਰੇ ਟੇਬਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।