ਨਿੱਜੀ ਪੱਤਰ ਪ੍ਰੇਰਕ
ਮੋਗਾ, 1 ਜੁਲਾਈ
ਪੰਜਾਬ ਵਿੱਚ ਤਿੰਨ ਰਾਜਸੀ ਧਿਰਾਂ- ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਹਨ। ‘ਆਪ’ ਨੇ ਕੁਝ ਸਾਲ ਪਹਿਲਾਂ ਹੀ ਪੰਜਾਬ ਦੀ ਰਾਜਨੀਤੀ ’ਚ ਪੈਰ ਪਸਾਰੇ ਹਨ। ਹੁਣ ਇੱਕ ਹੋਰ ਸਿਆਸੀ ਧਿਰ ਵੀ ਗੱਠਜੋੜ ਦੀ ਸ਼ਕਲ ’ਚ ਉੱਭਰਨ ਦੇ ਯਤਨ ਵਿੱਚ ਹੈ। ਰਾਜਨੀਤੀ ਵਿੱਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਕੋਈ ਨਵਾਂ ਚਿਹਰਾਂ ਨਹੀਂ। ਉਹ ਸਾਲ 2016 ਵਿੱਚ ਅਕਾਲੀ ਦਲ ਨੂੰ ਛੱਡਕੇ ਉੱਤਰ ਪ੍ਰਦੇਸ਼ ਦੀ ਅਖਿਲੇਸ਼ ਯਾਦਵ ਵਜ਼ਾਰਤ ’ਚ ਜੇਲ੍ਹ ਮੰਤਰੀ ਬਣ ਗਏ ਸਨ। ਉਹ ਹੁਣ ਮੁੜ ਪੰਜਾਬ ’ਚ ਸਿਆਸੀ ਜ਼ਮੀਨ ਤਲਾਸ਼ਣ ਦੇ ਮੂਡ ਵਿੱਚ ਦਿਖਾਈ ਦਿੰਦੇ ਹਨ। ਸ੍ਰੀ ਰਾਮੂਵਾਲੀਆ ਨੇ ਆਪਣੇ ਜੱਦੀ ਪਿੰਡ ਰਾਮੂਵਾਲਾ ਨਵਾਂ ਵਿੱਚ ਆਪਣੇ ਮਰਹੂਮ ਪਿਤਾ ਕਵੀਸ਼ਰੀ ਜਗਤ ਦੇ ਬਾਬਾ ਬੋਹੜ ਕਰਨੈਲ ਸਿੰਘ ਪਾਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਯਾਦਗਾਰੀ ਬੋਰਡ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਕਿਸਾਨੀ ਵਿਰੋਧੀ ਤਿੰਨ ਆਰਡੀਨੈਂਸ ਦੇ ਮਾਮਲੇ ’ਤੇ ਅਕਾਲੀ ਦਲ ਦੋਹਰੀ ਨੀਤੀ ਅਪਣਾ ਰਿਹਾ ਹੈ।