ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ‘ਦਿੱਲੀ ਚੱਲੋ’ ਅੰਦੋਲਨ ਲਈ ਹੁਣ ਜਦੋਂ ਜਥੇਬੰਦੀਆਂ ਦੀ ਸੀਨੀਅਰ ਲੀਡਰਸ਼ਿਪ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਫੀਲਡ ਵਿਚ ਗਈ ਹੋਈ ਹੈ ਤਾਂ ਅੱਜ ਰਾਮਪੁਰਾ ਫੂਲ ਦਾ ਰੇਲ ਮੋਰਚਾ ਬੀਕੇਯੂ ਡਕੌਂਦਾ ਦੀਆਂ ਔਰਤਾਂ ਨੇ ਸੰਭਾਲ ਲਿਆ ਹੈ। ਮੋਰਚੇ ਵਿੱਚ ਲਾਏ ਨਾਅਰਿਆਂ ਰਾਹੀਂ ਇਕੱਠ ਨੇ ਸੁਨੇਹਾ ਦਿੱਤਾ ਕਿ ਮੋਦੀ ਸਰਕਾਰ ਜਾਂ ਉਸ ਰਸਤੇ ਵਿੱਚ ਪੈਂਦੀ ਖੱਟਰ ਸਰਕਾਰ ਜਾਂ ਕੋਈ ਹੋਰ ਕਿੰਨੇ ਮਰਜ਼ੀ ਅੜਿੱਕੇ ਲਗਾ ਲਵੇ, ਉਹ ਆਪਣੀਆਂ ਮੰਗਾਂ ਮਨਵਾਏ ਬਿਨਾਂ ਪਿੱਛੇ ਨਹੀਂ ਮੁੜਨਗੇ। ਇਕੱਠ ਨੂੰ ਔਰਤ ਆਗੂਆਂ ਕ੍ਰਮਵਾਰ ਕੁਲਦੀਪ ਕੌਰ, ਮਨਜੀਤ ਕੌਰ ਤੇ ਮੂਰਤੀ ਕੌਰ ਕਰਾੜਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਘਰ ਅੰਦਰ ਮਰਦ ਮੁਖੀ ਬਾਹਰ ਗਏ ਹੋਣ ਤਾਂ ਉਸ ਸਮੇਂ ਔਰਤਾਂ ਹੀ ਘਰ ਦੀ ਜ਼ਿੰਮੇਵਾਰੀ ਓਟਦੀਆਂ ਹਨ, ਉਸੇ ਤਰ੍ਹਾਂ ਅੱਜ ਵੀ ਇਹ ਮੋਰਚਾ ਸੰਭਾਲ ਕੇ ਦੂਹਰੀ ਜ਼ਿੰਮੇਵਾਰੀ ਨਿਭਾਈ ਹੈ।