ਖੇਤਰੀ ਪ੍ਰਤੀਨਿਧ
ਬਰਨਾਲਾ, 21 ਫਰਵਰੀ
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੁੁਲਕ ਪੱਧਰ ‘ਤੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਸਿਵਲ ਹਸਪਤਾਲ ਪਾਰਕ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਦਿਆਂ ਰੇਲਵੇ ਸਟੇਸ਼ਨ ਬਰਨਾਲਾ ’ਤੇ ਚੱਲ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ| ਇਸ ਮੌਕੇ ਇਨਕਲਾਬੀ ਜਥੇਬੰਦੀਆਂ ਤੇ ਪਾਰਟੀਆਂ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਬੁੁਲਾਰੇ ਆਗੂਆਂ ਨਰਾਇਣ ਦੱਤ, ਨਵਕਿਰਨ ਪੱਤੀ, ਗੁੁਰਪ੍ਰੀਤ ਰੂੜੇਕੇ, ਮਲਕੀਤ ਸਿੰਘ, ਰਜਿੰਦਰਪਾਲ, ਜਗਰਾਜ ਸਿੰਘ ਰਾਮਾ, ਗੁੁਰਮੇਲ ਸਿੰਘ ਠੁੱਲੀਵਾਲ, ਗੁੁਰਪ੍ਰੀਤ ਗੋਪੀ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਮੋਦੀ ਹਕੂਮਤ ਨੇ ਕਿਸਾਨ ਸੰਘਰਸ਼ ਉੱਪਰ ਪੁੁਲੀਸ ਜਬਰ ਰਾਹੀਂ ਹੱਲਾ ਬੋਲਕੇ ਇਸ ਨੂੰ ਡੰਡੇ ਦੇ ਜ਼ੋਰ ਨਾਲ ਖ਼ਤਮ ਕਰਨ ਦਾ ਭਰਮ ਪਾਲਿਆ ਹੋਇਆ ਹੈ|
ਇਸੇ ਤਰ੍ਹਾਂ ਮੋਦੀ ਹਕੂਮਤ ਜਨਤਕ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਅਤੇ ਕਿਰਤ ਕਾਨੂੰਨਾਂ ਵਿੱਚ ਮਾਲਕ ਪੱਖੀ ਸੋਧਾਂ ਕਰ ਕੇ ਲੋਕਾਂ ਨੂੰ ਬਦ ਤੋਂ ਬਦਤਰ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਹੇ ਹਨ| ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ| ਇਸ ਲਈ ਆਉਣ ਵਾਲੇ ਸਮੇਂ ਵਿੱਚ ਉੱਠਣ ਵਾਲੇ ਸੰਘਰਸ਼ਾਂ ਨੂੰ ਰੋਕਣ ਲਈ ਮੋਦੀ ਹਕੂਮਤ ਆਪਣਾ ਫ਼ਿਰਕੂ ਫਾਸ਼ੀ ਏਜੰਡਾ ਤੇਜ਼ੀ ਨਾਲ ਲਾਗੂ ਕਰ ਰਹੀ ਹੈ|
ਇਸ ਮੌਕੇ ਬੁੁਲਾਰਿਆਂ ਨੇ ਨੌਦੀਪ ਕੌਰ ਅਤੇ ਦਿਸ਼ਾ ਰਵੀ ਨੂੂੰ ਰਿਹਾਅ ਕਰਨ ਦੀ ਮੰਗ ਕੀਤੀ| ਇਸ ਮੌਕੇ ਮਾਰਚ ਵਿੱਚ ਇਨਸਾਫ਼ਪਸੰਦ ਜਥੇਬੰਦੀਆਂ ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ| ਇਸ ਮੌਕੇ ਕਰਮਜੀਤ ਬੀਹਲਾ, ਖੁੁਸ਼ੀਆ ਸਿੰਘ, ਅਮਰਜੀਤ ਕੌਰ, ਸੁੁਖਵਿੰਦਰ ਸਿੰਘ ਤੇ ਇਕਬਾਲ ਕੌਰ ਉਦਾਸੀ ਆਦਿ ਆਗੂ ਹਾਜ਼ਰ ਸਨ|