ਖੇਤਰੀ ਪ੍ਰਤੀਨਿਧ
ਬਰਨਾਲਾ, 28 ਅਗਸਤ
ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਕਨਵੀਨਰ ਕਰਮਜੀਤ ਸਿੰਘ ਬੀਹਲਾ, ਖੁਸ਼ਿਵੰਦਰ ਪਾਲ, ਮੋਹਨ ਸਿੰਘ ਵੇਅਰ ਹਾਊਸ, ਗੁਰਦੀਪ ਸਿੰਘ ਚੀਮਾ, ਮਾ. ਬਖਸ਼ੀਸ਼ ਸਿੰਘ, ਲੈਕ. ਨਿਰਮਲ ਸਿੰਘ ਪੱਖੋ, ਸੁਖਵਿੰਦਰ ਸਿੰਘ ਬੋਹਾ ਤੇ ਰਣਜੀਤ ਰਾਏ ਆਦਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਡੀਸੀ ਕੰਪਲੈਕਸ ਵਿੱਚ ਭਰਵੀਂ ਰੈਲੀ ਕੀਤੀ। ਬਾਅਦ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਵੱਲ ਨੂੰ ਰੋਹਲਾ ਰੋਸ ਮਾਰਚ ਕਰਕੇ ਮੀਤ ਹੇਅਰ ਦੇ ਨਜ਼ਦੀਕੀ ਤੇ ‘ਆਪ’ ਜ਼ਿਲ੍ਹਾ ਪਧਾਨ ਗੁਰਦੀਪ ਸਿੰਘ ਬਾਠ ਨੂੰ ਮੰਗ ਪੱਤਰ ਸੌਂਪਿਆ ਗਿਆ।
ਰੈਲੀ ਦੌਰਾਨ ਆਗੂ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਮਨੋਹਰ ਲਾਲ, ਕਾਮਰੇਡ ਖੁਸ਼ੀਆ ਸਿੰਘ, ਬਲਦੇਵ ਸਿੰਘ ਧੌਲਾ,ਸੰਦੀਪ ਕੌਰ ਪੱਤੀ ਆਸ਼ਾ ਵਰਕਰ ਤੇ ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਕੱਚੇ ਮੁਲਾਜ਼ਮਾਂ ਤੇ ਮਾਣਭੱਤਾ ਉੱਕੀਆ ਪੁੱਕੀਆਂ ਉਜਰਤਾਂ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਬਕਾਇਆ ਡੀਏ ਜਾਰੀ ਕਰਨ ਆਦਿ ਮੰਗਾਂ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਆਗੂਆਂ ਨੇ ਮੰਗਾਂ ਨਾ ਮੰਨੇ ਜਾਣ ’ਤੇ 10 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਿੱਚ ਰਿਹਾਇਸ਼ ਦੇ ਘਿਰਾਓ ਲਈ ਮੁਲਾਜ਼ਮਾਂ ਨੂੰ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ।