ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 5 ਫਰਵਰੀ
ਕਰੋਨਾ ਦੀ ਆੜ ਥੱਲੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ‘ਤੇ ਤੁਲੀ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਰਾਮਪੁਰਾ ਪਿੰਡ ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ, ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ ਤੇ ਡੈਮੋਕਰੈਟਿਕ ਟੀਚਰ ਯੂਨੀਅਨ ਦੇ ਆਗੂ ਰੇਸ਼ਮ ਸਿੰਘ ਨੇ ਸਰਕਾਰਾਂ ਦੀ ਤਿੱਖੇ ਸਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਵੋਟਾਂ ਲੈਣ ਖਾਤਰ ਸਿਆਸੀ ਆਗੂ ਵੱਡੀਆਂ-ਵੱਡੀਆਂ ਰੈਲੀਆਂ ਕਰਨ ਲਈ ਲੋਕਾਂ ਦੀਆਂ ਭੀੜਾਂ ਜੁਟਾ ਰਹੇ ਹਨ ਤੇ ਵੱਡੇ ਰੋਡ ਸ਼ੋਅ ਕੀਤੇ ਜਾ ਰਹੇ ਹਨ ਅਤੇ ਹੋਰ ਪ੍ਰਚਾਰ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸਕੂਲ ਅਤੇ ਕਾਲਜ ਬੰਦ ਕਰਕੇ ਸਰਕਾਰ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਸਰਕਾਰ ਦੀ ਇਸ ਨੀਤੀ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਰਚ ਵਿੱਚ ਨਿਰਮਲ ਸਿੰਘ ਭੂੰਦੜ, ਸਰਦੂਲ ਸਿੰਘ ਜਿਉਦ, ਸੰਗਨੀ ਸਿੰਘ, ਭੋਲਾ ਸਿੰਘ ਗਿੱਲ ਕਲਾਂ ਤੇ ਦੇਵ ਸਿੰਘ ਘੜੈਲਾ ਆਦਿ ਆਗੂਆਂ ਨੇ ਵੀ ਮਾਰਚ ਵਿੱਚ ਸ਼ਮੂਲੀਅਤ ਕੀਤੀ।
ਭੁੱਚੋ ਮੰਡੀ (ਪਵਨ ਗੋਇਲ): ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਦੇ ਸੱਦੇ ’ਤੇ ਅੱਜ ਇਲਾਕੇ ਦੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ, ਸਟਾਫ, ਵੈਨ ਚਾਲਕਾਂ ਅਤੇ ਮਾਪਿਆਂ ਨੇ ਸਕੂਲ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਪਰਮਿੰਦਰ ਸਿੰਘ ਸਿੱਧੂ, ਅੰਗਰੇਜ਼ ਸਿੰਘ ਗਿੱਲ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਕਿਹਾ ਕਿ ਕਰੋਨਾ ਕਾਰਨ ਪੰਜਾਬ ਵਿੱਚ ਸਕੂਲ ਬੰਦ ਰੱਖਣ ਦਾ ਫੈਸਲਾ ਬਿਲਕੁੱਲ ਗਲਤ ਹੈ, ਜਦੋਂਂ ਕਿ ਬਜ਼ਾਰ, ਸਿਨੇਮੇ ਅਤੇ ਜਿੰਮ ਖੁੱਲ੍ਹੇ ਹਨ। ਵੈਨ ਮਾਲਕਾਂ ਅਤੇ ਚਾਲਕਾਂ ਨੇ ਕਿਹਾ ਕਿ ਵੈਨਾਂ ਬੰਦ ਹੋਣ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਮੁਸ਼ਕਿਲ ਹੋ ਗਈਆਂ ਹਨ।
ਬਰਾਤ ਲੈ ਕੇ ਜਾ ਰਹੇ ਲਾੜੇ ਨੇ ਕੀਤੀ ਮੁਜ਼ਾਹਰੇ ’ਚ ਸ਼ਮੂਲੀਅਤ
ਮਾਨਸਾ (ਪੱਤਰ ਪ੍ਰੇਰਕ): ਇਥੇ ਸਕੂਲ ਖੁਲ੍ਹਵਾਉਣ ਨੂੰ ਲੈ ਕੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਰਾਸਾ ਨੇ ਸਾਂਝੇ ਰੂਪ ’ਚ ਰੋਸ ਪ੍ਰਦਰਸ਼ਨ ਕੀਤਾ। ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ, ਸਟਾਫ਼ ਅਤੇ ਵੈਨ ਚਾਲਕ ਹੱਥਾਂ ਵਿੱਚ ‘ਨੋ ਸਕੂਲ, ਨੋ ਵੋਟ’ ਦੀਆਂ ਤਖ਼ਤੀਆਂ ਲੈ ਕੇ ਤਿੰਨਕੋਣੀ ਸੜਕ ਕੋਲ ਖੜ੍ਹਕੇ ਵਿਰੋਧ ਕਰ ਰਹੇ ਸਨ। ਇਸ ਮੌਕੇ ਬਰਾਤ ਲੈਕੇ ਜਾ ਰਹੇ ਇੰਜਨੀਅਰ ਪੰਕਜ ਬਾਂਸਲ ਨੇ ਵੀ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਕਰਦਿਆਂ ਹੱਥ ਵਿੱਚ ਤਖ਼ਤੀ ਫੜ ਕੇ ਸਰਕਾਰ ਨੂੰ ਜਲਦੀ ਸਕੂਲ ਖੋਲ੍ਹਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਬੁਲਾਰਿਆਂ ਪਵਨ ਕੁਮਾਰ ਮੱਤੀ, ਹਰਦੀਪ ਸਿੰਘ ਜਟਾਣਾ, ਲੱਖਾ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਨੇ ਸਕੂਲ ਖੁਲ੍ਹਵਾਉਣ ਲਈ 7 ਫਰਵਰੀ ਦੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਪੂਰਨ ਸਹਿਯੋਗ ਦੀ ਗੱਲ ਕਹੀ। ਇਸ ਮੌਕੇ ਸੁਭਾਸ਼ ਕੁਮਾਰ ਬਿੱਟੂ, ਬਲਜੀਤ ਸਿੰਘ, ਪਰਮਪ੍ਰੀਤ ਸਿੰਘ, ਗਗਨਦੀਪ ਅਤੇ ਅਰਪਿਤ ਨੇ ਵੀ ਸੰਬੋਧਨ ਕੀਤਾ।