ਸ਼ੰਗਾਰਾ ਸਿੰਘ ਅਕਲੀਆ
ਜੋਗਾ, 12 ਅਗਸਤ
ਡੇਰਾ ਮਸਤ ਰਾਮ ਰੱਲਾ ਦੀ ਮਹੰਤੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਹੰਤ ਗੋਪਾਲ ਦਾਸ ਅਤੇ ਬਾਬਾ ਸੁਰਮੁੱਖ ਦਾਸ ਵਿਚਾਲੇ ਚੱਲਿਆ ਆ ਰਿਹਾ ਰੇੜਕਾ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਵੱਲੋਂ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾਂ) ਦੇ ਸਹਿਯੋਗ ਨਾਲ ਭਾਰੇ ਕੇ ਸ਼ੈੱਡ ਰੱਲਾ ਹੇਠ ਇੱਕ ਰੈਲੀ ਕੀਤੀ ਗਈ। ਕਿਸਾਨ ਯੂਨੀਅਨ ਦੇ ਆਗੂ ਰਾਜ ਸਿੰਘ ਅਕਲੀਆ ਅਤੇ ਮਹਿੰਦਰ ਸਿੰਘ ਭੈਣੀਬਾਘਾ ਨੇ ਰੈਲੀ ਸੰਬੋਧਨ ਕਰਦਿਆਂ ਕਿਹਾ ਕਿ ਡੇਰਾ ਮੁਖੀ ਮਹੰਤ ਗੋਪਾਲ ਦਾਸ ਨੇ ਸੁਰਮੁੱਖ ਦਾਸ ਵਾਸੀ ਰੱਲਾ ਨੂੰ ਉਦਾਸੀ ਮਰਿਯਾਦਾ ਅਨੁਸਾਰ ਆਪਣਾ ਚੇਲਾ ਬਣਾਇਆ ਹੈ, ਪਰ ਉਸ ਨੂੰ ਡੇਰੇ ’ਚੋਂ ਬਾਹਰ ਕਰ ਦੇਣਾ ਮੰਦਭਾਗਾ ਹੈ। ਐਕਸ਼ਨ ਕਮੇਟੀ ਦੇ ਆਗੂ ਬੂਟਾ ਸਿੰਘ ਰੱਲਾ, ਅਮਨਦੀਪ ਸਿੰਘ ਰੱਲਾ ਨੇ ਪਿੰਡ ਰੱਲਾ ਵਾਸੀਆ ਨੂੰ ‘ਬੇਇਨਸਾਫ਼ੀ ਖ਼ਿਲਾਫ਼ ਲੜੋ’ ਦਾ ਸੱਦਾ ਦਿੱਤਾ। ਡੇਰਾ ਮਸਤ ਰਾਮ ਰੱਲਾ ਬਚਾਓ ਐਕਸ਼ਨ ਕਮੇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਲਾਲੀ ਰੱਲਾ ਨੇ ਕਿਹਾ ਕਿ ਭਲਕੇ ਤੋਂ ਡੇਰਾ ਮਸਤ ਰਾਮ ਰੱਲਾ ਅੱਗੇ ਦਿੱਤੇ ਜਾ ਰਹੇ ਅਣਮਿਥੇਂ ਸਮੇਂ ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਨੇ ਪੁਲੀਸ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ। ਹਾਲਾਂਕਿ ਪੁਲੀਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ।