ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 3 ਅਗਸਤ
ਇਲਾਕੇ ਵਿੱਚ ਭੈਣਾਂ ਅਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਬਾਜ਼ਾਰਾਂ ’ਚ ਵੀ ਰੱਖੜੀ ਕਾਰਨ ਪਿਛਲੇ 2-3 ਦਿਨਾਂ ਤੋਂ ਰੌਣਕਾਂ ਲੱਗੀਆਂ ਰਹੀਆਂ। ਭੈਣਾਂ ਆਪਣੇ ਭਰਾਵਾਂ ਲਈ ਸੁੰਦਰ-ਸੁੰਦਰ ਰੱਖੜੀਆਂ ਤੇ ਖਾਸ ਮਿਠਾਈਆਂ ਦੀ ਖਰੀਦਦਾਰੀ ਕਰਦੀਆਂ ਦੇਖੀਆਂ ਗਈਆਂ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਮਠਿਆਈ ਤੇ ਰੱਖੜੀਆਂ ਦੀਆਂ ਸਟਾਲਾਂ ਸਣੇ ਬਜ਼ਾਰਾਂ ਵਿੱਚ ਚੰਗੀ ਚਹਿਲ ਪਹਿਲ ਸੀ। ਕਰੋਨਾ ਦੀ ਮਾਰ ਝੱਲ ਰਹੇ ਫੋਟੋਗਰਾਫਰਾਂ ਨੂੰ ਵੀ ਅੱਜ ਕੁੱਝ ਰਾਹਤ ਮਿਲੀ।
ਝੁਨੀਰ (ਪੱਤਰ ਪ੍ਰੇਰਕ): ਇਲਾਕੇ ਦੇ 3 ਦਰਜਨ ਤੋਂ ਵਧੀਕ ਪਿੰਡਾਂ ਵਿੱਚ ਭੈਣਾਂ ਨੇ ਦੂਰ ਦੁਰਾਡੇ ਤੋਂ ਆਪਣੇ ਵਾਹਨਾਂ ’ਤੇ ਆ ਕੇ ਵੀਰਾਂ ਦੇ ਰੱਖੜੀਆਂ ਬੰਨ੍ਹੀਆਂ। ਮਠਿਆਈਆਂ ਤੇ ਸੁੱਕੇ ਮੇਵਿਆਂ ਵਾਲੀਆਂ ਦੁਕਾਨਾਂ ’ਤੇ ਰੌਣਕਾਂ ਰਹੀਆਂ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਅੱਜ-ਕੱਲ੍ਹ ਭੈਣਾਂ-ਭਰਾ ਦੀ ਲੰਬੀ ਜਿੰਦਗੀ ਦੀ ਕਾਮਨਾ ਲਈ ਰੱਖੜੀ ਬੰਨਣ ਦੇ ਨਾਲ-ਨਾਲ ਆਪਣੀਆਂ ਭਰਜਾਈਆਂ ਦੇ ਵੀ ਰੱਖੜੀ ਬੰਨ ਰਹੀਆਂ ਹਨ। ਅਮਨਦੀਪ ਜੱਬਲ, ਮਨਿੰਦਰ ਮੋਗਾ, ਅਮਨ ਤੂਰ, ਨਵਦੀਪ ਪਨੇਸਰ ਤੇ ਸਿਮਰਤ ਰੌਂਤਾ ਨੇ ਕਿਹਾ ਕਿ ਇਸ ਤਰ੍ਹਾਂ ਭੈਣ ਭਰਾ ਦੇ ਨਾਲ ਭਰਜਾਈ ਨਾਲ ਵੀ ਰਿਸ਼ਤਿਆਂ ਦੀ ਗੰਡ ਹੋਰ ਪਕੇਰੀ ਤੇ ਮਿਠਾਸ ਭਰੀ ਹੋ ਜਾਂਦੀ ਹੈ।