ਜਸਵੀਰ ਸਿੰਘ ਭੁੱਲਰ
ਦੋਦਾ, 15 ਮਾਰਚ
ਹਲਕਾ ਗਿੱਦੜਬਾਹਾ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਉਪਰੰਤ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅਮ੍ਰਿੰਤਾ ਵੜਿੰਗ ਵੱਲੋਂ ਹਲਕੇ ਦੇ ਪਹਿਲੇ ਪਿੰਡ ਖਿੜਕੀਆਂਵਾਲਾ, ਭੁੱਟੀਵਾਲਾ ਤੇ ਹਰੀਕੇ ਕਲਾਂ ’ਚ ਧੰਨਵਾਦੀ ਦੌਰਾ ਕਰਦਿਆਂ ਕਿਹਾ ਕਿ ਪਾਰਟੀ ਦੇ ਸਮੁੱਚੇ ਆਗੂਆਂ ਤੇ ਵਰਕਰਾਂ ਦਾ ਮੇਰਾ ਪਰਿਵਾਰ ਧੰਨਵਾਦ ਕਰਦਾ ਹੈ ਅਤੇ ਸਦਾ ਹਲਕੇ ਦੇ ਲੋਕਾਂ ਦੇ ਰਿਣੀ ਰਹਾਂਗਾ, ਜਿਨ੍ਹਾਂ ਤੀਜੀ ਵਾਰ ਵੀ ਜਿੱਤ ਦਾ ਤਾਜ ਉਨ੍ਹਾਂ ਦੇ ਸਿਰ ਰੱਖਿਆ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਕਿਸੇ ਕਿਸਮ ਦੀ ਜਿਆਦਤੀ ਨਹੀਂ ਹੋਣ ਦੇਣਗੇ, ਆਪਣੀ ਪਾਰਟੀ ਅਤੇ ਵਰਕਰਾਂ ਨਾਲ ਚਟਾਨ ਵਾਂਗ ਖੜ੍ਹਾ ਰਹਾਂਗਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਰਟੀ ਮੇਰੀ ਜਿਥੇ ਵੀ ਜ਼ਿੰਮੇਵਾਰੀ ਲਾਵੇਗੀ, ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਉਨ੍ਹਾਂ ਵਰਕਰਾਂ ਨੂੰ 2024 ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਕਰਨ ਬਾਰੇ ਕਿਹਾ ਤਾਂ ਜੋ ਦੇਸ਼ ਵਿੱਚ ਲੋਕਾਂ ਦੇ ਰਾਜ ਦੀ ਸਰਕਾਰ ਸਥਾਪਤ ਕੀਤੀ ਜਾ ਸਕੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਵੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਪੰਚਾਇਤਾਂ ਸਮੇਤ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।