ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 11 ਅਕਤੂਬਰ
ਪੰਜਾਬ ਵਿੱਚ ਰੋਜ਼ਾਨਾ ਕਤਲ, ਲੁੱਟ-ਖੋਹ ਅਤੇ ਹੋਰ ਵਾਰਦਾਤਾਂ ਹੋ ਰਹੀਆਂ ਹਨ, ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ ਤੇ ਮੁੱਖ ਮੰਤਰੀ ਗੁਜਰਾਤ ਵਿੱਚ ਗਰਬਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜਾ ਵੜਿੰਗ ਅੱਜ ਗਿੱਦੜਬਾਹਾ ਵਿਖੇ ਸ਼ਹਿਰ ਦੇ ਰੇਲਵੇ ਲਾਈਨਾਂ ਤੋਂ ਪਾਰ ਰਹਿੰਦੇ ਉਨ੍ਹਾਂ ਕਰੀਬ 200 ਪਰਿਵਾਰਾਂ ਨੂੰ ਮਿਲਣ ਆਏ ਸਨ ਜਿਨ੍ਹਾਂ ਨੂੰ ਆਪਣੇ ਘਰ ਖ਼ਾਲੀ ਕਰਨ ਲਈ ਰੇਲਵੇ ਵੱਲੋਂ ਘਰਾਂ ਦੇ ਬਾਹਰ ਨੋਟਿਸ ਚਿਪਕਾਏ ਗਏ ਸਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਉਜੜਨ ਨਹੀਂ ਦੇਣਗੇ ਅਤੇ ਇਨ੍ਹਾਂ ਦੀ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਮਸਲੇ ਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਗੱਲਬਾਤ ਕਰਨਗੇ ਅਤੇ ਜ਼ਰੂਰਤ ਪਈ ਤਾਂ ਕੇਂਦਰੀ ਰੇਲ ਮੰਤਰੀ ਨੂੰ ਵੀ ਮਿਲਣਗੇ ਪਰ ਪਰਿਵਾਰਾਂ ਨੂੰ ਕਿਸੇ ਕੀਮਤ ’ਤੇ ਘਰੋਂ ਬੇਘਰ ਨਹੀਂ ਹੋਣ ਦੇਣਗੇ। ਇਕ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸ਼ਰ੍ਹੇਆਮ ਡਰਾ ਕੇ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਲੋਕ ਆਪਣੇ ਕਾਰੋਬਾਰ ਬੰਦ ਕਰਨ ਨੂੰ ਮਜਬੂਰ ਹਨ। ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਅਧਿਆਪਕਾਂ ਵਿੱਚ ਆਦਰਸ਼ ਸਕੂਲਾਂ ਦੇ ਕਰੀਬ ਦੋ ਦਰਜਨ ਅਧਿਆਪਕਾਂ ਨੂੰ ਪੱਕੇ ਨਾ ਕਰਨ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰ ਰਹੀ ਤੇ ਲੋਕਾਂ ਦਾ ਛੇ ਮਹੀਨਿਆਂ ਵਿੱਚ ਹੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਸ ਮੌਕੇ ਸਮੂਹ ਕੌਂਸਲਰ, ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।