
ਜਸਵੰਤ ਜੱਸ
ਫਰੀਦਕੋਟ, 18 ਮਾਰਚ
ਪਿਛਲੇ ਦੋ ਸਾਲ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕਥਿਤ ਲਾਪ੍ਰਵਾਹੀ ਕਾਰਨ ਬੰਦ ਪਿਆ 1200 ਏਕੜ ਦਾ ਰਾਜਾ ਹਰਿੰਦਰ ਸਿੰਘ ਬੀਜ ਖੋਜ ਕੇਂਦਰ ਸੋਮਵਾਰ 20 ਮਾਰਚ ਤੋਂ ਮੁੜ ਚਾਲੂ ਹੋ ਰਿਹਾ ਹੈ। ਬੀਜ ਖੋਜ ਕੇਂਦਰ ਦੀ ਦੁਰਦਸ਼ਾ ਅਤੇ ਸਰਕਾਰ ਦੀ ਲਾਪ੍ਰਵਾਹੀ ਬਾਰੇ ‘ਪੰਜਾਬੀ ਟ੍ਰਿਬਿਊਨ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੀ ਪੜਤਾਲ ਦੀ ਆਦੇਸ਼ ਦਿੱਤੇ ਸਨ। ਦੋ ਹਫ਼ਤੇ ਪਹਿਲਾਂ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਯੂਨੀਵਰਸਿਟੀ ਅਤੇ ਬੀਜ ਖੋਜ ਕੇਂਦਰ ਦੇ ਮਾਲਕ ਮਹਾਂਰਾਵਲ ਖੇਵਾ ਜੀ ਟਰੱਸਟ ਨੂੰ ਬੁਲਾ ਕੇ ਇਸ ਪੂਰੇ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਸੀ। ਟਰੱਸਟ ਨੇ ਪੰਜਾਬ ਸਰਕਾਰ ਨੂੰ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਨੂੰ ਕਦੇ ਵੀ ਬੀਜ ਖੋਜ ਕੇਂਦਰ ਬੰਦ ਕਰਨ ਲਈ ਨਹੀਂ ਕਿਹਾ ਗਿਆ ਬਲਕਿ ਯੂਨੀਵਰਸਿਟੀ ਨੇ ਆਪਣੇ ਆਪ ਹੀ ਬੀਜ ਖੋਜ ਕੇਂਦਰ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬੀਜ ਖੋਜ ਕੇਂਦਰ ਦੇ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਬੀਜ ਖੋਜ ਕੇਂਦਰ ਸੋਮਵਾਰ ਤੋਂ ਮੁੜ ਚਾਲੂ ਹੋ ਰਿਹਾ ਹੈ ਅਤੇ ਇਹ ਖੋਜ ਕੇਂਦਰ ਪਹਿਲਾਂ ਵਾਂਗ ਉੱਤਮ ਬੀਜਾਂ ਦੀ ਪੈਦਾਵਾਰ ਕਰੇਗਾ, ਜਿਸ ਦਾ ਮਾਲਵੇ ਦੇ 10 ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਇਸ ਖੋਜ ਕੇਂਦਰ ਵਿੱਚੋਂ ਛਾਂਟੀ ਕੀਤੇ ਗਏ 400 ਮਜ਼ਦੂਰਾਂ ਨੂੰ ਮੁੜ ਰੁਜ਼ਗਾਰ ਮਿਲੇਗਾ।
ਦੱਸਣਯੋਗ ਹੈ ਕਿ ਫ਼ਰੀਦਕੋਟ ਰਿਆਸਤ ਵੱਲੋਂ ਪੰਜਾਬ ਵਿੱਚ ਉੱਤਮ ਖੇਤੀ ਬੀਜਾਂ ਦੀ ਖੋਜ ਲਈ ਪੰਜਾਬ ਸਰਕਾਰ ਨੂੰ ਬੀਜ ਖੋਜ ਕੇਂਦਰ ਲਈ ਦਿੱਤੀ 1200 ਏਕੜ ਜ਼ਮੀਨ ਵਿੱਚ ਸਰਕਾਰ ਦੀ ਬੇਰੁਖੀ ਕਾਰਨ ਝਾੜ-ਬੂਟ ਉੱਗਣੇ ਸ਼ੁਰੂ ਹੋ ਗਏ ਸਨ। ਫ਼ਰੀਦਕੋਟ ਰਿਆਸਤ ਦੇ ਸਹਿਯੋਗ ਨਾਲ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂਵਾਲਾ ਵਿੱਚ ਰਾਜਾ ਹਰਿੰਦਰ ਸਿੰਘ ਬਰਾੜ ਬੀਜ ਖੋਜ ਕੇਂਦਰ ਦੀ ਸਥਾਪਨਾ ਕੀਤੀ ਸੀ ਅਤੇ ਪਿਛਲੇ 30 ਸਾਲ ਤੋਂ ਖੇਤੀਬਾੜੀ ਯੂਨੀਵਰਸਿਟੀ ਇਸ ਉਪਜਾਊ ਜ਼ਮੀਨ ਉੱਪਰ ਬੀਜਾਂ ਦੀ ਖੋਜ ਲਈ ਫਸਲਾਂ ਦੀ ਕਾਸ਼ਤ ਕਰ ਰਹੀ ਸੀ। ਪਰ ਪਿਛਲੇ 20 ਮਹੀਨਿਆਂ ਤੋਂ ਇਹ ਖੋਜ ਕੇਂਦਰ ਬੰਦ ਪਿਆ ਸੀ ਅਤੇ ਇੱਥੇ ਕੋਈ ਵੀ ਫਸਲ ਨਹੀਂ ਬੀਜੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ