ਜੋਗਿੰਦਰ ਸਿੰਘ ਮਾਨ
ਮਾਨਸਾ, 26 ਦਸੰਬਰ
ਮਾਲਵਾ ਪੱਟੀ ਵਿੱਚ ਸਾਰਾ ਮੱਘਰ ਸੁੱਕਾ ਲੰਘਣ ਤੋਂ ਬਾਅਦ ਹੁਣ ਅੱਧੇ ਪੋਹ ਵਿੱਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਸ਼ੁਰੂ ਹੋ ਗਈਆਂ ਹਨ। ਅੱਜ ਕੁਝ ਥਾਵਾਂ ’ਤੇ ਹਲਕੀਆਂ-ਫੁਲਕੀਆਂ ਕਣੀਆਂ ਵੀ ਡਿੱਗੀਆਂ ਹਨ। ਖੇਤੀ ਮਾਹਿਰਾਂ ਅਨੁਸਾਰ ਇਸ ਹਲਕੇ ਮੀਂਹ ਨਾਲ ਖੁਸ਼ਕੀ ਚੁੱਕੀ ਗਈ ਹੈ। ਮੈਡੀਕਲ ਮਾਹਿਰ ਖੁਸ਼ਕ ਠੰਢ ਨੂੰ ਵੀ ਮਨੁੱਖਾਂ ਲਈ ਖ਼ਤਰਨਾਕ ਦੱਸਦੇ ਸਨ, ਜਦੋਂਕਿ ਖੇਤੀ ਵਿਗਿਆਨੀ ਮੀਂਹ ਨਾ ਪੈਣ ਨੂੰ ਹਾੜੀ ਦੀਆਂ ਫ਼ਸਲਾਂ ਲਈ ਖੜੌਤ ਮੰਨਣ ਲੱਗ ਪਏ ਸਨ। ਤਾਜ਼ਾ ਪਈਆਂ ਕਣੀਆਂ ਤੇ ਮੀਂਹ ਵਰਗੇ ਹੋਏ ਮੌਸਮ ਨਾਲ ਹੀ ਖੇਤਾਂ ਵਿੱਚ ਅੱਜ ਸ਼ਾਮ ਨੂੰ ਹੀ ਲਹਿਰਾਂ-ਬਹਿਰਾਂ ਲੱਗ ਗਈਆਂ ਹਨ। ਇਨ੍ਹਾਂ ਕਣੀਆਂ ਨੇ ਮਾਲਵਾ ਖੇਤਰ ਵਿੱਚ ਠੰਢ ਦੀ ਸ਼ੁਰੂਆਤ ਕਰ ਦਿੱਤੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਅਗਲੇ ਦੋ ਦਿਨਾਂ ਲਈ ਮਾਲਵਾ ਖੇਤਰ ਵਿੱਚ ਹਲਕੀ ਬਾਰਸ਼ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ 18.0 ਤੋਂ 22.0 ਤੇ ਘੱਟ ਤੋਂ ਘੱਟ 6.0 ਤੋਂ 8 ਡਿਗਰੀ ਸੈਂਟੀਗਰੇਡ ਵਿਚਕਾਰ ਰਹਿਣ ਦਾ ਅਨੁਮਾਨ ਹੈ ਤੇ ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 97 ਤੋਂ 90 ਪ੍ਰਤੀਸ਼ਤ ਤੇ ਸ਼ਾਮ ਵੇਲੇ 72 ਤੋਂ 65 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜਦੋਂਕਿ ਹਵਾਵਾਂ ਦੇ 6.5 ਤੋਂ 10.8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ।ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਹਲਕੀਆਂ-ਫੁਲਕੀਆਂ ਕਣੀਆਂ ਕਣਕ ਸਮੇਤ ਹੋਰ ਸਾਰੀਆਂ ਹਾੜੀ ਦੀਆਂ ਫ਼ਸਲਾਂ ਲਈ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਤੱਕ ਹਾੜੀ ਦੀਆਂ ਫ਼ਸਲਾਂ ਨੂੰ ਹੋਰ ਮੀਂਹ ਦੀ ਲੋੜ ਹੈ, ਪਰ ਜਿਸ ਤਰ੍ਹਾਂ ਮੌਸਮ ਵਿਭਾਗ ਤੋਂ ਸੂਚਨਾਵਾਂ ਮਿਲ ਰਹੀਆਂ ਹਨ, ਉਸ ਮੁਤਾਬਕ ਅਗਲੇ ਦਿਨਾਂ ਵਿੱਚ ਹੋਰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ। ਡਾ. ਰੋਮਾਣਾ ਦਾ ਕਹਿਣਾ ਹੈ ਕਿ ਮੀਂਹ ਤੋਂ ਬਿਨਾਂ ਕਣਕ ਦੀ ਫ਼ਸਲ ਦਾ ਫੁਟਾਰਾ ਨਹੀਂ ਹੁੰਦਾ ਤੇ ਇਹ ਫੁਟਾਰਾ ਹੀ ਹਾੜੀ ਦੀ ਇਸ ਮੁੱਖ ਫ਼ਸਲ ਦੇ ਚੰਗੇ ਝਾੜ ਦੀ ਨਿਸ਼ਾਨੀ ਹੈ। ਖੇਤੀ ਮਾਹਿਰ ਦਾ ਕਹਿਣਾ ਹੈ ਕਿ ਬੇਸ਼ੱਕ ਮਾਲਵਾ ਪੱਟੀ ਵਿੱਚ ਇਸ ਵੇਲੇ ਚੰਗੀ ਸਰਦੀ ਪੈ ਰਹੀ ਹੈ, ਪਰ ਇਹ ਸੁੱਕੀ ਠੰਢ ਉਨਾ ਚਿਰ ਤੱਕ ਫ਼ਸਲਾਂ ਲਈ ਲਾਭਦਾਇਕ ਨਹੀਂ, ਜਦੋਂ ਤੱਕ ਕਣੀਆਂ ਦਾ ਪਾਣੀ ਫ਼ਸਲਾਂ ’ਤੇ ਨਹੀਂ ਡਿੱਗਦਾ।