ਲਖਵੀਰ ਸਿੰਘ ਚੀਮਾ
ਟੱਲੇਵਾਲ, 10 ਜਨਵਰੀ
ਬੀਤੇ ਤਿੰਨ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਸਬਜ਼ੀਆਂ ਆਦਿ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਿਆ ਹੈ, ਉਥੇ ਇਹ ਮੀਂਹ ਪਿੰਡ ਬੀਹਲਾ ਦੇ ਅਪਾਹਜ ਵਿਅਕਤੀ ਲਈ ਦੁੱਖਾਂ ਦਾ ਪਹਾੜ ਲੈ ਬਹੁੜਿਆ। ਪਿੰਡ ਦੇ ਲੋੜਵੰਦ ਪਰਿਵਾਰ ਦੇ ਸਿਰ ਤੋਂ ਛੱਤ ਖੋਹੀ ਗਈ। ਅਪਾਹਜ ਤੋਤਾ ਖਾਂ ਪੁੱਤਰ ਫਜਲ ਖਾਂ ਵਾਸੀ ਬੀਹਲਾ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਇਕੋ ਇਕ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਅਚਾਨਕ ਕਮਰੇ ਦਾ ਖਣ (ਹਿੱਸਾ) ਅਚਾਨਕ ਡਿੱਗਣ ਲੱਗਾ ਅਤੇ ਪਰਿਵਾਰ ਨੇ ਭੱਜ ਕੇ ਜਾਨ ਬਚਾਈ। ਤੋਤਾ ਖਾਂ ਨੇ ਦੱਸਿਆ ਕਿ ਪੂਰਾ ਪਰਿਵਾਰ ਕਮਰੇ ਵਿਚ ਗੁਜ਼ਰ ਬਸਰ ਕਰ ਰਿਹਾ ਸੀ ਅਤ ਹੁਣ ਉਸ ਦੇ ਪਰਿਵਾਰ ਦੇ ਸਿਰ ਤੋਂ ਛੱਤ ਵੀ ਖੁਸ ਗਈ ਹੈ। ਉਸ ਕੋਲ ਦੋ ਧੀਆਂ ਅਤੇ ਇਕ ਛੋਟਾ ਪੁੱਤਰ ਹੈ। ਹੁਣ ਪਰਿਵਾਰ ਸਮੇਤ ਗੁਆਂਢ ਦੇ ਬੱਕਰੀਆਂ ਵਾਲੇ ਵਾੜੇ ਵਿਚ ਰਹਿ ਕੇ ਦਿਨ ਰਾਤ ਗੁਜ਼ਾਰ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਲੋੜਵੰਦ ਪਰਿਵਾਰ ਦੀ ਮੱਦਦ ਕਰਨ ਦੀ ਮੰਗ ਕੀਤੀ ਹੈ।