ਪੱਤਰ ਪ੍ਰੇਰਕ
ਮਾਨਸਾ, 6 ਜਨਵਰੀ
ਮਾਲਵਾ ਖੇਤਰ ਵਿੱਚ ਕੱਲ੍ਹ ਵੱਡੇ ਤੜਕੇ ਤੋਂ ਪੈ ਰਹੇ ਮੀਂਹ ਨੇ ਖੁਸ਼ਕੀ ਚੁੱਕ ਦਿੱਤੀ ਹੈ। ਭਾਵੇਂ ਅੱਜ ਕਣੀਆਂ ਹੀ ਡਿੱਗੀਆਂ, ਪਰ ਦੋ ਦਿਨਾਂ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਭਰਵੀਂ ਵਰਖਾ ਹੋਣ ਦੀ ਖੇਤੀਬਾੜੀ ਮਹਿਕਮੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਖੇਤਾਂ ਦੇ ਕਿਆਰੇ ਮੀਂਹ ਦੇ ਪਾਣੀ ਨਾਲ ਭਰ ਗਏ ਹਨ। ਤਾਜ਼ਾ ਪਏ ਇਸ ਮੀਂਹ ਨੇ ਖੇਤਾਂ ਵਿਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਕਈ ਦਿਨਾਂ ਤੋਂ ਦਿਨ ਵੇਲੇ ਪੈ ਰਹੀ ਗਰਮੀ ਨੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਇਸ ਮੀਂਹ ਨੂੰ ਕਣਕ ਸਮੇਤ ਹੋਰ ਸਾਰੀਆਂ ਹਾੜੀ ਦੀਆਂ ਫ਼ਸਲਾਂ ਨੂੰ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਦੱਖਣੀ ਪੰਜਾਬ ਅਤੇ ਉਸਦੇ ਨਾਲ ਲੱਗਦੇ ਹਰਿਆਣਾ ਖੇਤਰ ਦੇ ਬਰਾਨੀ ਖੇਤਾਂ ਵਿੱਚ ਖੜ੍ਹੀਆਂ ਸਰ੍ਹੋਂ, ਛੋਲੇ ਅਤੇ ਜੌਂਆਂ ਦੀਆਂ ਫ਼ਸਲਾਂ ਲਈ ਲਾਹੇਵੰਦ ਹੈ।
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਚਿੰਤਾ ਵਿਚ ਸਨ, ਪਰ ਅੱਜ ਅਚਾਨਕ ਮਾਲਵਾ ਪੱਟੀ ਵਿਚ ਸ਼ੁਰੂ ਹੋਏ ਹਲਕੇ-ਫੁਲਕੇ ਮੀਂਹ ਨਾਲ ਹੁਣ ਫ਼ਸਲਾਂ ਦੇ ਚੰਗੇ ਝਾੜ ਦੀ ਉਮੀਦ ਬੱਝ ਗਈ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਇਸ ਵਾਰ ਡੀਏਪੀ ਖਾਦ ਨਾ ਮਿਲਣ ਕਾਰਨ ਨਰਮਾ ਪੱਟੀ ਵਿਚ ਕਣਕ ਦੀ ਬਿਜਾਈ ਪਹਿਲਾਂ ਦੇ ਮੁਕਾਬਲੇ ਬਹੁਤ ਲੇਟ ਹੋ ਗਈ ਸੀ ਪਰ ਹੁਣ ਮੀਂਹ ਤੋਂ ਬਾਅਦ ਉਸ ਕਣਕ ਦੇ ਵੀ ਵਾਰੇ-ਨਿਆਰੇ ਹੋ ਜਾਣ ਦੀ ਸੰਭਾਵਨਾ ਬਣ ਗਈ ਹੈ।
ਦੂਜੇ ਪਾਸੇ ਦੋ ਦਿਨਾਂ ਤੋਂ ਜਾਰੀ ਮੀਂਹ ਨੇ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਕਈ ਥਾਵਾਂ ’ਤੇ ਸੜਕਾਂ ਉਪਰ ਚਿੱਕੜ ਨੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਿਆ, ਜਿਸ ਕਾਰਨ ਬਜ਼ਾਰ ਵਿਚੋਂ ਲੰਘਣ-ਟੱਪਣ ਵਾਲੇ ਆਮ ਰਾਹਗੀਰਾਂ ਨੁੰ ਭਾਰੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਸੜਕ ਉਪਰ ਦੋ ਪਹੀਆ ਵਾਹਨ ਵੀ ਫਿਸਲਦੇ ਵੇਖੇ ਗਏ। ਸੀਵਰੇਜ਼ ਦੇ ਜਾਮ ਹੋਣ ਕਾਰਨ ਸੜਕਾਂ ਉਪਰ ਚਿੱਕੜ ਬਣਿਆ ਹੋਇਆ ਵਿਖਾਈ ਦਿੰਦਾ ਸੀ।