ਜੋਗਿੰਦਰ ਸਿੰਘ ਮਾਨ
ਮਾਨਸਾ, 21 ਮਈ
ਮਾਲਵਾ ਪੱਟੀ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਚੱਲ ਰਹੇ ਟਿਊਬਵੈੱਲ ਅੱਜ ਸ਼ਾਮ ਨੂੰ ਉਸ ਵੇਲੇ ਬੰਦ ਹੋ ਗਏ ਜਦੋਂ ਇਲਾਕੇ ਵਿਚ ਹਨ੍ਹੇਰੀ ਤੇ ਝੱਖੜ ਨਾਲ ਮੀਂਹ ਪਿਆ। ਮੀਂਹ ਦੌਰਾਨ ਬੇਸ਼ੱਕ ਗੜੇ ਵੀ ਪਏ ਪਰ ਇਨ੍ਹਾਂ ਨੂੰ ਕਿਸਾਨਾਂ ਵੱਲੋਂ ਨੁਕਸਾਨਦਾਇਕ ਨਹੀਂ ਦੱਸਿਆ ਗਿਆ ਹੈ। ਇਸ ਇਲਾਕੇ ਵਿੱਚ ਇਹ ਮੀਂਹ ਭਾਵੇਂ ਕਿਸਾਨਾਂ ਵੱਲੋਂ ਪਹਿਲਾ ਛਿੜਕਾ-ਛੰਬਾ ਹੀ ਮੰਨਿਆ ਗਿਆ ਹੈ, ਪਰ ਕਈ ਥਾਵਾਂ ’ਤੇ ਭਰਵਾਂ ਮੀਂਹ ਪਿਆ ਹੈ। ਇਸ ਸਦਕਾ ਚਾਰੇ ਪਾਸਿਓਂ ਠੰਢੀ ਹਵਾ ਦੇ ਬੁੱਲੇ ਆਉਣ ਲੱਗੇ ਹਨ। ਖੇਤਾਂ ਵਿਚ ਡਿੱਗੇ ਅੰਬਰੀ ਪਾਣੀ ਅਤੇ ਠੰਢੀ ਹਵਾ ਨਾਲ ਕਾਰਨ ਫ਼ਸਲਾਂ ਟਹਿਕਣ ਲੱਗੀਆਂ ਹਨ।
ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਕਹਿਰ ਦੀ ਗਰਮੀ ਸੀ। ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਡੀਜ਼ਲ ਫੂਕਣ ਲਈ ਮਜਬੂਰ ਸਨ। ਇਸ ਮੀਂਹ ਨੇ ਜਿੱਥੇ ਕਿਸਾਨਾਂ ਵਾਰੇ-ਨਿਆਰੇ ਕਰ ਦਿੱਤੇ ਹਨ, ਉੱਥੇ ਹੀ ਆਮ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ।
ਕਿਸਾਨਾਂ ਨੇ ਬਾਅਦ ਦੁਪਹਿਰ ਅਕਾਸ਼ ਵਿੱਚ ਕਾਲੀਆਂ ਘਟਾਵਾਂ ਦੇਖ ਕੇ ਹੀ ਆਪਣੇ ਟਿਊਬਵੈੱਲ ਬੰਦ ਕਰ ਦਿੱਤੇ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ’ਤੇ ਸਭ ਤੋਂ ਵਧੀਆ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਨਿੱਕੀ ਫ਼ਸਲ, ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਦੱਸਿਆ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਕਿ ਫ਼ਸਲਾਂ ਉੱਪਰ ਜਿਹੜੀ ਗਰਮੀ ਨੇ ਮਾੜਾ ਅਸਰ ਪਾਇਆ ਸੀ, ਉਹ ਹੁਣ ਇਸ ਮੀਂਹ ਨੇ ਚੰਗਾ ਪ੍ਰਭਾਵ ਪਾ ਦਿੱਤਾ ਹੈ। ਹੁਣ ਦੀ ਲੱਗੀ ਹੋਈ ਨਰਮੇ ਦੀ ਫ਼ਸਲ ਅਖ਼ੀਰ ਤੱਕ ਕਾਇਮ ਰਹੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ। ਭਲਕੇ ਤੋਂ ਫ਼ਸਲ ਦਾ ਵਾਧਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਡੀਜ਼ਲ ਅਤੇ ਬਿਜਲੀ ਦੇ ਰੂਪ ਵਿੱਚ ਲੱਖਾਂ ਦਾ ਲਾਭ ਹੋਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹੁਣ ਇਸ ਮੀਂਹ ਨਾਲ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਵੱਧਣ-ਫੁੱਲਣ ਲੱਗਣਗੀਆਂ। ਪੰਜਾਬ ਸਰਕਾਰ ਨੂੰ ਖੇਤੀ ਸੁਸਾਇਟੀਆਂ ਕੋਲ ਲੋੜੀਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਤੁਰੰਤ ਭੇਜਣੀਆਂ ਚਾਹੀਦੀਆਂ ਹਨ।
ਮੀਂਹ ਕਾਰਨ ਮਾਨਸਾ ਸ਼ਹਿਰ ਹੋਇਆ ਜਲ-ਥਲ
ਮਾਨਸਾ: ਭਾਵੇਂ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਡਿਪਟੀ ਕਮਿਸ਼ਨਰ ਵੱਲੋਂ ਮੀਂਹਾਂ ਤੋਂ ਬਚਾਅ ਲਈ ਮੀਟਿੰਗ ਕਰ ਕੇ ਅਗੇਤੇ ਪ੍ਰਬੰਧਾਂ ਦੇ ਆਦੇਸ਼ ਦਿੱਤੇ ਗਏ ਸਨ, ਪਰ ਅੱਜ ਬਾਅਦ ਦੁਪਹਿਰ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰ ਕੇ ਰੱਖ ਦਿੱਤਾ। ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਬਾਅਦ ਦੁਪਹਿਰ ਪੈਣ ਲੱਗੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਪਾਣੀ ਭਰ ਗਿਆ। ਪਾਣੀ ਦਾ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿੱਚ ਘਰਾਂ ’ਚ ਵੀ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ। ਇਸ ਕਾਰਨ ਲੋਕ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਬਾਰਸ਼ਾਂ ਦੇ ਦਿਨਾਂ ਦੌਰਾਨ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ, ਪਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਕਹਿਰ ਦੀ ਗਰਮੀ ਤੋਂ ਬਾਅਦ ਪਏ ਇਸ ਮੀਂਹ ਸਦਕਾ ਮਾਨਸਾ ਬੱਸ ਸਟੈਂਡ ਤੋਂ ਸਾਰੇ ਮੁੱਖ ਬਾਜ਼ਾਰ ਅਤੇ ਸ਼ਹਿਰ ਦੀਆਂ ਬਹੁਤੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਬੱਲੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦਾ ਵਿਕਾਸ ਕਰਨ ਦੀਆਂ ਡੀਂਗਾਂ ਮਾਰ ਰਹੀ ਹੈ, ਪਰ ਅੱਜ ਪਏ ਪਹਿਲੇ ਮੀਂਹ ਨਾਲ ਸ਼ਹਿਰ ਅੰਦਰ ਥਾਂ-ਥਾਂ ਪਾਣੀ ਖੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਅੰਦਰ ਖੜ੍ਹ ਰਹੇ ਪਾਣੀ ਦਾ ਕੋਈ ਠੋਸ ਹੱਲ ਨਹੀਂ ਕਰ ਰਿਹਾ ਸਿਰਫ਼ ਖਾਨਾਪੂਰਤੀ ਕਰ ਰਿਹਾ ਹੈ। ਨਗਰ ਕੌਂਸਲ ਮਾਨਸਾ ਦੇ ਉਪ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਭਾਰੀ ਬਾਰਸ਼ ਕਾਰਨ ਇੱਕ ਵਾਰ ਤਾਂ ਸ਼ਹਿਰ ਵਿਚ ਪਾਣੀ ਭਰ ਵੀ ਜਾਂਦਾ ਹੈ, ਪਰ ਇਸ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਭਰਪੂਰ ਉਪਰਾਲੇ ਆਰੰਭ ਕੀਤੇ ਹੋਏ ਹਨ।