ਲਖਵਿੰਦਰ ਸਿੰਘ ਬਰਾੜ
ਮਲੋਟ, 21 ਸਤੰਬਰ
ਲਗਭਗ ਤਿੰਨ ਹਫ਼ਤਿਆਂ ਦਾ ਸਮਾਂ ਬੀਤਣ ਉਪਰੰਤ ਅੱਜ ਵੀ ਹਲਕਾ ਬੱਲੂਆਣਾ ਦੇ ਪਿੰਡਾਂ ਮਲੂਕਪੁਰਾ , ਬਹਾਦਰ ਖੇੜਾ, ਭੰਗਾਲਾਂ ਅਤੇ ਜੋਧਪੁਰ ਦੇ ਸੈਂਕੜੇ ਏਕੜ ਰਕਬੇ ’ਚ ਗੋਡੇ-ਗੋਡੇ ਮੀਂਹ ਦਾ ਪਾਣੀ ਖੜ੍ਹਾ ਹੈ। ਕਿਸਾਨ ਅਗਲੀ ਫ਼ਸਲ ਦੀ ਬਿਜਾਈ ਨੂੰ ਲੈ ਕੇ ਫ਼ਿਰਕਮੰਦ ਹਨ। ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਮੇਜਰ ਸਿੰਘ, ਲਾਭ ਸਿੰਘ, ਮੰਦਰ ਸਿੰਘ, ਹਰਚਰਨ ਸਿੰਘ, ਸੁਖਚੈਨ ਸਿੰਘ, ਗੁਰਤੇਜ ਸਿੰਘ, ਜਗਰੂਪ ਸਿੰਘ, ਨਛੱਤਰ ਸਿੰਘ, ਨਿੱਕਾ ਸਿੰਘ ਅਤੇ ਸਤਿੰਦਰਜੀਤ ਸਿੰਘ ਸ਼ੈਂਪੀ ਨੇ ਦੱਸਿਆ ਕਿ ਖੇਤਾਂ ’ਚੋਂ ਪਾਣੀ ਕੱਢਣ ਲਈ ਪ੍ਰਸਾਸ਼ਨ ਨੇ ਇੱਕਾ-ਦੁੱਕਾ ਮੋਟਰਾਂ ਦਾ ਜੁਗਾੜ ਕਰਨ ਤੋਂ ਇਲਾਵਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਰੀਬ 10 ਸਾਲ ਪੁਰਾਣੀਆਂ ਸੇਮ ਨਾਲੇ ਤੱਕ ਪਾਈਆਂ ਪਾਈਪਾਂ ਰਾਹੀਂ ਹੀ ਪਾਣੀ ਨਿਕਲ ਰਿਹਾ ਹੈ, ਇਨ੍ਹਾਂ ਵਿਚੋਂ ਬਹੁਤੀਆਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਜੇ ਠੀਕ ਪ੍ਰਬੰਧ ਹੁੰਦਾ ਤਾਂ ਦੋ ਹਫ਼ਤਿਆਂ ਵਿਚ ਸਾਰਾ ਪਾਣੀ ਨਿਕਲ ਸਕਦਾ ਸੀ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਰ ਕੇ ਹਾਲ ਮੰਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਬਹਾਦਰਖੇੜਾ ਵਿੱਚ ਤਾਂ ਸੇਮ ਨਾਲੇ ਦਾ ਪਾਣੀ ਮੁੜ ਖੇਤਾਂ ਵਿਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਮ ਨਾਲੇ ਪਾਣੀ ਦੇ ਕੁਦਰਤੀ ਵਹਾਅ ਅਨੁਸਾਰ ਅਤੇ ਪੁਖਤਾ ਵਿਉਂਤਬੰਦੀ ਨਾਲ ਨਾ ਬਣੇ ਹੋਣ ਕਰ ਕੇ ਕਿਸਾਨਾਂ ਨੂੰ ਇਹ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਨ੍ਹਾਂ ਸਿਆਸੀ ਵਿਅਕਤੀਆਂ ਨਾਲ ਵੀ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਪਿੰਡਾਂ ਤੱਕ ਪਹੁੰਚ ਤਾਂ ਕੀਤੀ ਪਰ ਪਾਣੀ ਦੀ ਨਿਕਾਸੀ ਦੀ ਰਫ਼ਤਾਰ ਉਹ ਵੀ ਤੇਜ਼ ਨਹੀਂ ਕਰਵਾ ਸਕੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਤੇਜ਼ ਕਰਵਾਉਣ ਲਈ ਹਦਾਇਤਾਂ ਕੀਤੀਆਂ ਜਾਣ ਤਾਂ ਕਿ ਉਹ ਹੋਰ ਨੁਕਸਾਨ ਤੋਂ ਬਚ ਸਕਣ।