ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਮਾਲਵਾ ਪੱਟੀ ਵਿਚ ਨਰਮੇ ਦੀ ਫਸਲ ਉਪਰ ਪਹਿਲਾਂ ਗੁਲਾਬੀ ਸੁੰਡੀ-ਚਿੱਟੀ ਮੱਖੀ ਦਾ ਹਮਲਾ ਅਤੇ ਹੁਣ ਬੇਮੁਹਾਰੇ ਪਏ ਮੀਂਹਾਂ ਦਾ ਦਰਦ ਹੁਣ ਪਰਵਾਸੀ ਮਜ਼ਦੂਰਾਂ ਨੂੰ ਵੀ ਹੋਣ ਲੱਗਿਆ ਹੈ। ਵੱਡੀ ਪੱਧਰ ਉਤੇ ਬਾਹਰਲੇ ਰਾਜਾਂ ਦੇ ਮਜ਼ਦੂਰ ਪਰਿਵਾਰਾਂ ਸਮੇਤ ਅੱਜ-ਕੱਲ੍ਹ ਨਰਮਾ ਪੱਟੀ ਵਿਚ, ਜਦੋਂ ਪਧਾਰ ਰਹੇ ਹਨ ਤਾਂ ਅੱਗੋ ਫ਼ਸਲ ਨੂੰ ਮੀਂਹਾਂ ਨੇ ਮਾਂਝ ਧਰਿਆ ਹੈ, ਜਿਸ ਨਾਲ ਪਰਵਾਸੀ ਪਰਿਵਾਰਾਂ ਦੇ ਸੁਪਨਿਆਂ ’ਤੇ ਪਾਣੀ ਫਿਰ ਗਿਆ ਹੈ। ਮਾਲਵਾ ਪੱਟੀ ਵਿਚ ਕਣਕ ਦੀ ਵਾਢੀ ਅਤੇ ਝੋਨੇ ਦੀ ਲਵਾਈ ਤੋਂ ਬਾਅਦ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੂੰ ਵੀ ਮਲਵਈ ਕਿਸਾਨ ਗੁਆਂਢੀ ਸੂਬਿਆਂ ਦੇ ਮਜ਼ਦੂਰਾਂ ਤੋਂ ਹਰ ਸਾਲ ਹੀ ਚੁਗਾਉਂਦੇ ਆ ਰਹੇ ਹਨ।
ਮਾਲਵਾ ਖੇਤਰ ਵਿਚ ਦਿੱਲੀ ਵਾਲੇ ਪਾਸਿਓਂ ਆਉਂਦੀਆਂ ਰੇਲ ਗੱਡੀਆਂ ਵਿਚੋਂ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਟੋਲੀਆਂ ਦੇ ਰੂਪ ’ਚ ਰੇਲਵੇ ਸਟੇਸ਼ਨਾਂ ਉਤੇ ਉਤਰ ਰਹੇ ਹਨ, ਪਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਹੁਣ ਲਿਜਾਣ ਵਾਲੇ ਕਿਸਾਨਾਂ ਵਿਚ ਪਹਿਲਾਂ ਜਿੰਨਾ ਚਾਅ ਨਹੀਂ ਹੈ। ਵੈਸੇ ਕੁਝ ਪਿੰਡਾਂ ਤੋਂ ਕਿਸਾਨ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਕੁਇੰਟਲ ਰੇਟ ਨਿਸ਼ਚਿਤ ਕਰਕੇ ਆਪਣੇ ਘਰਾਂ ਨੂੰ ਲਿਜਾ ਤਾਂ ਰਹੇ ਹਨ, ਪਰ ਉਨ੍ਹਾਂ ਦਾ ਹੌਸਲਾ ਫ਼ਸਲ ਨੂੰ ਵੇਖ ਕੇ ਘੱਟ ਪੈ ਰਿਹਾ ਹੈ। ਉਂਝ ਇਹ ਵੀ ਵੇਖਿਆ ਗਿਆ ਹੈ ਕਿ ਇਸ ਵਾਰ ਇਹ ਪਰਵਾਸੀ ਮਜ਼ਦੂਰ, ਕਿਸਾਨਾਂ ਤੋਂ ਮਰੀ ਫ਼ਸਲ ਬਾਰੇ ਸੁਣ ਕੇ ਭੈਅ-ਭੀਤ ਹਨ। ਮਜ਼ਦੂਰਾਂ ਦਾ ਵੀ ਖੇਤਾਂ ਵਿਚ ਖੜ੍ਹਾ ਨਰਮਾ ਵੇਖ ਕੇ ਹੌਸਲਾ ਨਹੀਂ ਪੈ ਰਿਹਾ। ਉਹ ਇਸ ਔਖੀ ਘੜੀ ਵਿਚ ਘਰਾਂ ਨੂੰ ਵੀ ਮੁੜ ਨਹੀਂ ਸਕਦੇ ਹਨ।
ਮਾਨਸਾ ਨੇੜਲੇ ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਰਮੇ ਨੂੰ ਮੀਂਹਾਂ ਦੀ ਮਾਰ ਪੈਣ ਦੇ ਬਾਵਜੂਦ ਉਹ ਪਰਵਾਸੀ ਮਜ਼ਦੂਰਾਂ ਨੂੰ ਮਜਬੂਰੀਵਸ ਆਪਣੇ ਘਰਾਂ ਨੂੰ ਲਿਜਾ ਰਹੇ ਹਨ, ਪਰ ਇਹ ਮੀਂਹ ਮਜ਼ਦੂਰਾਂ ਦੇ ਚਾਅ ਅਤੇ ਖੁਸ਼ੀਆਂ ਨੂੰ ਰੋੜ੍ਹ ਕੇ ਲੈ ਗਿਆ ਹੈੈ।
ਨਰਮਾ ਚੁਗਣ ਵਾਲੇ ਇਹ ਪਰਵਾਸੀ ਮਜ਼ਦੂਰ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਵਿਚੋਂ ਹੀ ਵੱਡੀ ਗਿਣਤੀ ਵਿਚ ਕਈ ਸਾਲਾਂ ਤੋਂ ਆਉਂਦੇ ਹਨ। ਜਿੱਥੋਂ ਕਿਤੇ ਕਿਸਾਨਾਂ ਨਾਲ ਇਹ ਪ੍ਰਵਾਸੀ ਮਜ਼ਦੂਰਾਂ ਦੀ ਨੇੜਤਾ ਕਾਇਮ ਹੋ ਜਾਂਦੀ ਹੈ, ਉਥੇ ਇਹ ਅਗਲੇ ਸਾਲ ਲਈ ’ਚੁਗਾਈ ਸਮਝੌਤਾ’ ਕਰਕੇ ਛੁੱਟੀਆਂ ਲੈ ਜਾਂਦੇ ਹਨ।