ਲਖਵਿੰਦਰ ਸਿੰਘ
ਮਲੋਟ, 6 ਸਤੰਬਰ
ਪਿੰਡ ਢਾਬਾਂ ਕੋਕਰੀਆਂ, ਮਲੂਕਪੁਰ, ਜੋਧਪੁਰ, ਬਹਾਦਰਖੇੜਾ ਅਤੇ ਆਸਪਾਸ ਦੇ ਕਰੀਬ 500 ਏਕੜ ਰਕਬੇ ‘ਚ ਇਕੱਠੇ ਹੋਏ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਅਤੇ ਸਿਆਸੀ ਵਿਅਕਤੀਆਂ ਦੇ ਮੂੰਹ ਵੱਲ ਦੇਖਣ ਤੋਂ ਬਾਅਦ ਕਿਸਾਨਾਂ ਨੇ ਆਪਣੇ ਪੱਧਰ ’ਤੇ ਇਕੱਠੇ ਹੋ ਕੇ ਫ਼ਸਲਾਂ ਬਚਾਉਣ ਲਈ ਪਾਣੀ ਕੱਢਣ ਦਾ ਉਪਰਾਲਾ ਕੀਤਾ ਹੈ। ਕਿਸਾਨ ਗੁਰਪਾਲ ਸਿੰਘ, ਸੁਖਮੰਦਰ ਸਿੰਘ, ਰਾਜਾ ਰਾਮ, ਬਿੰਦਰ ਸਿਡਾਨਾ, ਮਿੱਠੂ ਰਾਮ ਤੇ ਗੁਲਸ਼ਨ ਰਾਏ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਨਰਮੇ ਅਤੇ ਬਾਸਪਤੀ ਦੀ ਫ਼ਸਲ ਲਗਭਗ ਖ਼ਤਮ ਹੋ ਚੁੱਕੀ ਹੈ ਜੇ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋ ਜਾਵੇ ਤਾਂ ਝੋਨੇ ਦੀ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਆਪਣੇ ਪੱਧਰ ਕਰੀਬ ਪੰਜਾਹ ਹਜ਼ਾਰ ਦਾ ਖ਼ਰਚਾ ਕਰ ਕੇ ਪਾਣੀ ਕੱਢਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ’ਤੇ ਲਗਭਗ ਇਕ ਮਹੀਨਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਬੀਜਾਂ, ਰੇਹਾਂ ਸਪਰੇਹਾਂ ’ਤੇ ਖ਼ਰਚਾ ਹੋਇਆ ਅਤੇ ਹੁਣ ਨਿਕਾਸੀ ਲਈ ਵੱਖਰੇ ਤੌਰ ’ਤੇ ਖ਼ਰਚ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਠੇਕੇ ਦੀ ਰਕਮ ਤੇ ਅਗਲੀ ਫ਼ਸਲ ਦੀ ਬਿਜਾਈ ਦਾ ਫ਼ਿਕਰ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਸਿਆਸੀ ਵਿਅਕਤੀ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਲਈ ਹੈ।
ਇਸ ਸਬੰਧੀ ਜਦੋਂ ਬੱਲੂਆਣਾ ਹਲਕੇ ਦੇ ਵਿਧਾਇਕ ਨੱਥੂਰਾਮ ਨਾਲ ਗੱਲ ਕੀਤੀ ਕਿ ਉਨ੍ਹਾਂ ਕਿਸਾਨਾਂ ਦੀ ਸਾਰ ਨਾ ਲੈਣ ਬਾਰੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਆਖ ਸਕਦੇ।
ਸਿਆਸਤਦਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਣਗੌਲਿਆ ਕਰਨ ’ਤੇ ਪੀੜਤ ਲੋਕਾਂ ਵਿਚ ਰੋਸ ਹੈ।
ਮੱਛੀ ਪਾਲਕਾਂ ਦੀ ਮਿਹਨਤ ’ਤੇ ਪਾਣੀ ਫਿਰਿਆ਼
ਮਲੋਟ: ਪਿੰਡਾਂ ਦੇ ਛੱਪੜ ਠੇਕੇ ’ਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਕਰ ਰਹੇ ਵਿਅਕਤੀਆਂ ਵੱਲੋਂ ਮੱਛੀਆਂ ਬਚਾਉਣ ਲਈ ਛੱਪੜਾਂ ਵਿਚ ਪਾਈ ਦਵਾਈ, ਖ਼ੁਰਾਕ ਅਤੇ ਮੱਛੀਆਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਮਹਿੰਗੇ ਉਪਰਾਲੇ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਏ। ਛੱਪੜ ਠੇਕੇ ’ਤੇ ਲੈਣ ਵਾਲੇ ਠੇਕੇਦਾਰ ਡਾ. ਹੰਸ ਰਾਜ ਕੱਕੜ ਨੇ ਦੱਸਿਆ ਕਿ ਛੱਪੜਾਂ ਵਿੱਚ ਮੀਂਹ ਦਾ ਪਾਣੀ ਪੈਣ ਕਰ ਕੇ ਛੱਪੜ ਓਵਰਫਲੋ ਹੋ ਗਏ ਅਤੇ ਮੱਛੀਆਂ ਛੱਪੜ ‘ਚੋਂ ਬਾਹਰ ਨਿਕਲ ਗਈਆਂ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਵੀ ਸਹਿਯੋਗ ਨਾ ਦਿੱਤੇ ਜਾਣ ਕਰ ਕੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ। ਇਸੇ ਤਰ੍ਹਾਂ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਬਹਾਦਰਖੇੜਾ ਵਿੱਚ ਪਾਣੀ ਭਰਨ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਤਾਂ ਸਰਕਾਰ ਨੌਜਵਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਤੋਂ ਸਰਕਾਰ ਨੇ ਅੱਖਾਂ ਫੇਰ ਲਈਆਂ ਹਨ।