ਜੋਗਿੰਦਰ ਸਿੰਘ ਮਾਨ
ਮਾਨਸਾ, 22 ਮਾਰਚ
ਮਾਲਵਾ ਪੱਟੀ ਵਿੱਚ ਦੂਰ-ਦੂਰ ਤੱਕ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈੈ ਜਿਸ ਕਰਕੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਖੜ੍ਹਾ ਹੋ ਸਕਦਾ ਹੈ। ਮੌਸਮ ਮਹਿਕਮੇ ਵੱਲੋਂ ਅਗਲੇ 72 ਘੰਟੇ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਚਿੰਤਤ ਹਨ। ਅੱਜ ਤੜਕਸਾਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਇਹ ਮੀਂਹ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗਿਆ ਜਦੋਂ ਕੁਝ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ। ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਦੋ-ਤਿੰਨ ਦਿਨ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਬੇਸ਼ੱਕ ਫ਼ਸਲ ਦੇ ਪਕਾਅ ਦੌਰਾਨ ਉਸ ਨੂੰ ਪਾਣੀ ਦੇਣਾ ਜ਼ਰੂਰੀ ਹੁੰਦਾ ਹੈ,ਪਰ ਇਸ ਵੇਲੇ ਪਾਣੀ ਦੇਣ ਨਾਲ ਕਣਕ ਦੇ ਬੂਟੇ ਡਿੱਗਣ ਦੀ ਸੰਭਾਵਨਾ ਬਣ ਸਕਦੀ ਹੈ। ਵੈਸੇ ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਹੀ ਡਿੱਗੀਆਂ ਹਨ ਜਦੋਂ ਕਿ ਮਾਲਵਾ ਪੱਟੀ ਵਿੱਚ ਆਮ ਤੌਰ ’ਤੇ ਬੀਜੀਆਂ ਜਾਂਦੀਆਂ ਪਿਛੇਤੀਆਂ ਕਣਕਾਂ ਅਜੇ ਤੱਕ ਕਿਧਰੇ ਵੀ ਨਾ ਡਿੱਗਣ ਦੀ ਜਾਣਕਾਰੀ ਮਿਲੀ ਹੈ। ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉੱਥੇ ਖੜ੍ਹੀਆਂ ਕਣਕਾਂ ਸਮੇਤ ਹੋਰ ਫ਼ਸਲਾਂ ਨੂੰ ਇਸ ਮੀਂਹ ਦਾ ਲਾਭ ਵੀ ਹੋਇਆ ਹੈ, ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਐਤਵਾਰ ਦੇਰ ਰਾਤ ਅਤੇ ਸੋਮਵਾਰ ਸਵੇਰੇ ਸਮੇਂ ਪਏ ਭਾਰੀ ਮੀਂਹ ਅਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਵਰਤਾਰੇ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਮਧੋਲੀ ਗਈ ਜਿਸ ਕਾਰਨ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿੰਡ ਚੀਮਾ ਦੇ ਕਿਸਾਨ ਨਵਜੀਤ ਨਵੀ ਨੇ ਦੱਸਿਆ ਕਿ ਬਹੁ ਗਿਣਤੀ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਆਖਰੀ ਪਾਣੀ ਲਗਾਏ ਗਏ ਸਨ ਜਿਸ ਕਰਕੇ ਬੀਤੀ ਰਾਤ ਆਈ ਹਨੇਰੀ ਅਤੇ ਮੀਂਹ ਨੇ ਪਾਣੀ ਲੱਗੀ ਫ਼ਸਲ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤੀ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਦੁੱਗਲ ਨੇ ਕਿਹਾ ਕਿ ਮੀਂਹ ਅਤੇ ਹਨੇਰੀ ਕਾਰਨ ਫ਼ਸਲ ਦਾ ਝਾੜ ਘਟਣ ਦਾ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇ।