ਨਿਹਾਲ ਸਿੰਘ ਵਾਲਾ/ਮੋਗਾ (ਰਾਜਵਿੰਦਰ ਰੌਂਤਾ): ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮੋਗਾ ਦੇ ਰੇਲਵੇ ਟਰੈਕ ’ਤੇ ਤਿੰਨ ਘੰਟੇ ਤੱਕ ਆਵਾਜਾਈ ਰੋਕ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸ਼ਾਹ ਵਾਲਾ, ਸੁਖਮੰਦਰ ਸਿੰਘ ਕਿਸ਼ਨਪੁਰਾ ਤੇ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਨੇ ਕਿਸਾਨਾਂ ਨੂੰ ਵਾਹਨ ਹੇਠ ਦਰੜ ਦਿੱਤਾ ਸੀ। ਇਸ ਘਟਨਾ ਵਿੱਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੇ ਦਮ ਤੋੜ ਦਿੱਤਾ ਸੀ। ਇਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਗੁਰੂਾਰਸਹਾਏ (ਅਸ਼ੋਕ ਸੀਕਰੀ): ਕਿਸਾਨ ਮੋਰਚਾ ਕਮੇਟੀ ਪੰਜਾਬ ਦੇ ਆਗੂਆਂ ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ਅਤੇ ਗੁਰਨਾਮ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਸਾਨੀ ਮੰਗਾਂ ਮਨਵਾਉਣ ਲਈ ਇਥੇ ਰੇਲਵੇ ਸਟੇਸ਼ਨ ’ਤੇ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ| ਧਰਨੇ ਨੂੰ ਸੰਬੋਧਨ ਕਰਦਿਆਂ ਮੰਗਲ ਸਿੰਘ, ਮੇਜਰ ਸਿੰਘ, ਫੁਮਣ ਸਿੰਘ ਤੇ ਸੁਖਵਿੰਦਰ ਸਿੰਘ ਭੱਪਾ ਨੇ ਆਖਿਆ ਕਿ ਪਿਛਲੇ ਸਾਲ ਲਖੀਮਪੁਰ ਖੀਰੀ ਵਿੱਚ ਨਿਰਦੋਸ਼ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ| ਇਸ ਲਈ ਭਾਜਪਾ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ|
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਅੱਜ ਫ਼ਿਰੋਜ਼ਪੁਰ ’ਚ ਦੋ ਥਾਈਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਰੇਲ ਟਰੈਕ ’ਤੇ ਧਰਨਾ ਲਾਇਆ ਗਿਆ। ਛਾਉਣੀ ਸਥਿਤ ਬਸਤੀ ਟੈਂਕਾਂ ਵਾਲੀ ਦੇ ਫ਼ਾਟਕ ਅਤੇ ਗੁਰੂਹਰਸਹਾਏ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਧਰਮ ਸਿੰਘ ਸਿੱਧੂ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ’ਚ ਸ਼ਾਮਲ ਅਜੈ ਮਿਸ਼ਰਾ ਅਜੇ ਵੀ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਿਹਾ ਹੈ। ਆਗੂਆਂ ਨੇ ਉਸ ਨੂੰ ਸਾਜਿਸ਼ ਰਚਨ ਦੇ ਦੋਸ਼ ਹੇਠ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਨਿਰਦੋਸ਼ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਬਿਜਲੀ ਵੰਡ ਕਾਨੂੰਨ ਦਾ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ 23 ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।