ਜਗਤਾਰ ਅਨਜਾਣ
ਮੌੜ ਮੰਡੀ, 28 ਅਗਸਤ
ਮੌੜ ਕਲਾਂ ਦੇ ਇੱਕ ਕਿਸਾਨ ਗੁਰਸੇਵਕ ਸਿੰਘ (ਗੋਲੂ) ਦੇ ਖੇਤ ਵਿੱਚ ਅਣ-ਅਧਿਕਾਰਤ ਤੌਰ ’ਤੇ ਚੱਲ ਰਹੀ ਹੱਡਾ ਰੋੜੀ ਬੰਦ ਕਰਵਾਉਣ ਦਾ ਰੇੜਕਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਇਸ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੌੜ ਕਲਾਂ ਅਤੇ ਮੌੜ ਖੁਰਦ ਵਿਖੇ ਰੈਲੀਆਂ ਕੀਤੀਆਂ ਗਈਆਂ ਅਤੇ ਮੌੜ ਕਲਾਂ ਪਿੰਡ ਵਿੱਚ ਮੁਜ਼ਾਹਰਾ ਕਰਨ ਉਪਰੰਤ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ 2 ਸਤੰਬਰ ਨੂੰ ਐਸਡੀਐਮ ਦਫ਼ਤਰ ਮੌੜ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਵੀ ਕੀਤਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਰਾਮਨਗਰ ਨੇ ਕਿਹਾ ਕਿ ਇਹ ਹੱਡਾ ਰੋੜੀ ਮੌੜ ਤੋਂ ਕੋਟਲੀ ਜਾਂਦੀ ਸੜਕ ਦੇ ਉੱਪਰ ਬਣੀ ਹੋਣ ਕਾਰਨ ਇੱਥੋਂ ਲੰਘਣ ਵਾਲੇ ਅਨੇਕਾਂ ਪਿੰਡਾਂ ਦੇ ਰਾਹਗੀਰਾਂ ਲਈ ਬਦਬੂ ਫੈਲਣ ਕਾਰਨ ਮੁਸੀਬਤ ਬਣੀ ਹੋਈ ਹੈ। ਕੁੱਤਿਆਂ ਦੇ ਝੁੰਡ ਕਾਰਨ ਆਸ ਪਾਸ ਦੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਵਾਸਤੇ ਜਾਣ ਲਈ ਵੀ ਕਈ ਕਿਲੋਮੀਟਰ ਦੀ ਵੱਧ ਦੂਰੀ ਤੈਅ ਕਰਕੇ ਦੂਸਰੇ ਪਿੰਡਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਇੱਥੋਂ ਆਉਂਦੀ ਬਦਬੂ ਕਾਰਨ ਕੋਈ ਵੀ ਕਿਸਾਨ ਜਾਂ ਮਜ਼ਦੂਰ ਰਾਈਸ ਮਿੱਲਾਂ ਜਾਂ ਖੇਤਾਂ ਵਿਚ ਕੰਮ ਕਰਨ ਲਈ ਤਿਆਰ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਹੋਣ ਕਾਰਨ ਮਨੁੱਖੀ ਸਿਹਤ ਅਤੇ ਵਾਤਾਵਰਨ ਨਾਲ ਖਿਲਵਾੜ ਕਰ ਰਹੇ, ਇਨ੍ਹਾਂ ਲੋਕਾਂ ਖ਼ਿਲਾਫ਼ ਵਾਤਾਵਰਣ ਜਾਂ ਹੋਰ ਸਬੰਧਤ ਵਿਭਾਗ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਨਹੀਂ। ਕਿਸਾਨ ਆਗੂਆਂ ਨੇ ਇਸ ਸਮੇਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਦੋ ਦਿਨ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਸਮੂਹ ਸ਼ਹਿਰ ਤੇ ਪੇਂਡੂ ਲੋਕਾਂ ਨੂੰ ਨਾਲ ਲੈ ਕੇ, ਇਸ ਹੱਡਾਰੋੜੀ ਨੂੰ ਬੰਦ ਕਰਵਾਉਣ ਲਈ 2 ਸਤੰਬਰ ਨੂੰ ਐਸਡੀਐਮ ਦਫ਼ਤਰ ਮੌੜ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨਗੇ