ਪੱਤਰ ਪ੍ਰੇਰਕ
ਮਾਨਸਾ, 28 ਮਈ
ਇੱਥੇ ‘ਨਸ਼ੇ ਨਹੀਂ, ਰੁਜ਼ਗਾਰ ਦਿਓ’ ਕਮੇਟੀ ਦੇ ਨੌਜਵਾਨਾਂ ਵੱਲੋਂ ਸਥਾਨਕ ਗੁਰਦੁਆਰਾ ਚੌਕ ਵਿੱਚ ਰੈਲੀ ਕਰ ਕੇ ਪੰਜਾਬ ਸਰਕਾਰ ਅਤੇ ਡਰੱਗ ਕੰਟਰੋਲ ਇੰਸਪੈਕਟਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਸੀਨੀਅਰ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਲਗਾਤਾਰ ਚੱਲ ਰਹੀ ਜਨਤਕ ਮੁਹਿੰਮ ਦੇ ਬਾਵਜੂਦ ਹਾਲੇ ਤੱਕ ਪੁਲੀਸ ਪ੍ਰਸ਼ਾਸਨ ਵਲੋਂ ਕੁੱਝ ਮੈਡੀਕਲ ਸਟੋਰਾਂ ਦੀ ਪੜਤਾਲ ਕਰਨ ਤੋਂ ਬਿਨਾਂ ਮਾਰੂ ਨਸ਼ਿਆਂ ਦੇ ਵੱਡੇ ਸੌਦਾਗਰਾਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਸ਼ਹਿਰ ਦੇ ਕੁੱਝ ਦਵਾਈਆਂ ਦੀਆਂ ਦੁਕਾਨਾਂ ਅਸਲ ਵਿਚ ਨਸ਼ੀਲੀਆਂ ਗੋਲੀਆਂ ਕੈਪਸੂਲ ਵੇਚਣ ਦੇ ਥੋਕ ਡਿੱਪੂ ਬਣੀਆਂ ਹੋਈਆ ਹਨ, ਪਰ ਡਰੱਗ ਇੰਸਪੈਕਟਰ ਤੇ ਸਿਹਤ ਵਿਭਾਗ ਦੇ ਉੱਪਰਲੇ ਅਧਿਕਾਰੀ ਉਨ੍ਹਾਂ ਨੂੰ ਹੱਥ ਨਹੀਂ ਲਾ ਰਹੇ।
ਗੁਰਦੀਪ ਸਿੰਘ ਝੁਨੀਰ ਅਤੇ ਗੁਰਪ੍ਰੀਤ ਸਿੰਘ ਮਾਨਸਾ ਨੇ ਕਿਹਾ ਕਿ ਪੀੜਤ ਨੌਜਵਾਨਾਂ ‘ਤੇ ਉਨ੍ਹਾਂ ਦੇ ਮਾਪਿਆਂ ਵਲੋਂ ਖ਼ੁਦ ਅੱਗੇ ਆ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਗਵਾਹੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਰੱਗ ਮਨੀ ਨਾਲ ਬਣਾਈਆਂ ਕਰੋੜਾਂ ਦੀਆਂ ਜਾਇਦਾਦਾਂ ਬਾਰੇ ਪੁਲੀਸ ਕੋਲ ਖ਼ੁਲਾਸੇ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਦਮ ਸਿੰਘ ਨੇ ਇਸ ਮੁਹਿੰਮ ਵੱਲੋਂ ਛੇਤੀ ਹੀ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਨੂੰ ਮਿਲਿਆ ਜਾਵੇਗਾ। ਨੌਜਵਾਨਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਇਸ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿਚ ਜਥੇਬੰਦ ਕਰ ਕੇ ਹੋਰ ਤੇਜ਼ ਕਰਨਗੇ।
ਇਸ ਮੌਕੇ ਨਿਰਮਲ ਸਿੰਘ ਫੱਤਾ ਮਾਲੋਕਾ, ਪ੍ਰਦੀਪ ਸਿੰਘ ਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਦਮ ਸਿੰਘ ਸਮੇਤ ਕਈ ਹੋਰ ਨੌਜਵਾਨਾਂ ਨੇ ਵੀ ਸੰਬੋਧਨ ਕੀਤਾ।
ਕਿਸਾਨ, ਮਜ਼ਦੂਰ ਜਥੇਬੰਦੀਆਂ ਤੇ ਪਿੰਡ ਵਾਸੀਆਂ ਦੀ ਮੀਟਿੰਗ
ਜ਼ੀਰਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਜ਼ੀਰਾ ਦੀ ਨਸ਼ਿਆਂ ਖ਼ਿਲਾਫ਼ ਇੱਕ ਅਹਿਮ ਮੀਟਿੰਗ ਗੁਰਦੁਆਰਾ ਜਾਹਰਾ ਪੀਰ ਪਿੰਡ ਸਨ੍ਹੇਰ ਵਿੱਚ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਅਤੇ ਬਸਤੀ ਮਾਛੀਆਂ ਜ਼ੀਰਾ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ, ਬਲਾਕ ਪ੍ਰਧਾਨ ਗਿਆਨ ਸਿੰਘ ਸ਼ਾਹਵਾਲਾ, ਜਗਸੀਰ ਸਿੰਘ, ਮਨਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰ ਬੇਖੌਫ਼ ਹੋ ਕੇ ਲੰਬੇ ਸਮੇਂ ਤੋਂ ਜ਼ੀਰਾ ਹਲਕੇ ਵਿਚ ਧੜੱਲੇ ਨਾਲ ਚਿੱਟਾ ਅਤੇ ਹੋਰ ਨਸ਼ੇ ਵੇਚ ਕੇ ਮੋਟੀ ਕਮਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਨਸ਼ਿਆਂ ਕਾਰਨ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਇਸ ਮੌਕੇ ਔਰਤਾਂ ਨੇ ਕਿਹਾ ਕਿ ਨਸ਼ੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ ਪਰ ਪੁਲੀਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਦੀ ਬਸਤੀ ਮਾਛੀਆਂ, ਸਮਾਧੀ ਮੁਹੱਲਾ ਆਦਿ ਵਿੱਚ ਲੰਬੇ ਸਮੇਂ ਤੋਂ ਨਸ਼ੇ ਵਿਕ ਰਹੇ ਹਨ। ਨਸ਼ੇੜੀ ਸ਼ਰ੍ਹੇਆਮ ਬਾਜ਼ਾਰਾਂ ਅਤੇ ਗਲੀਆਂ ਵਿੱਚ ਘੁੰਮ ਰਹੇ ਹਨ ਅਤੇ ਲੁੱਟਾਂ ਖੋਹਾਂ ਕਰ ਰਹੇ ਹਨ। ਇਸ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਨਿੱਕਲਣਾ ਔਖਾ ਹੋzwnj; ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰzwnj; ਅਪੀਲ ਕੀਤੀ ਕਿ ਨਸ਼ਾ ਤਸਕਰਾਂ ਨੂੰ ਜਲਦ ਨੱਥ ਪਾਈ ਜਾਵੇ ਨਹੀਂ ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।