ਜਸਵੰਤ ਜੱਸ
ਫਰੀਦਕੋਟ, 31 ਅਕਤੂਬਰ
ਪਿੰਡ ਵੀਰੇਵਾਲਾ ਦੇ ਆਸ-ਪਾਸ ਦੇ ਖੇਤਾਂ ਵਿੱਚੋਂ ਰਾਤ ਸਮੇਂ ਬਿਜਲੀ ਦੇ ਤਿੰਨ ਟਰਾਂਸਫਾਰਮਰ ਚੋਰੀ ਹੋਣ ਦੀ ਸੂਚਨਾ ਹੈ। ਕਿਸਾਨ ਕੁਸ਼ਲਦੀਪ ਸਿੰਘ ਅਤੇ ਕਰਨਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਰਾਤ ਨੂੰ ਖੇਤਾਂ ’ਚ ਲੱਗੇ ਟਰਾਂਸਫਾਰਮਰ ਚੋਰੀ ਕਰ ਲਏ। ਕਿਸਾਨਾਂ ਨੇ ਕਿਹਾ ਕਿ ਟਰਾਂਸਫਾਰਮਰਾਂ ਤੋਂ ਇਲਾਵਾ ਖੇਤਾਂ ਵਿੱਚੋਂ ਵੱਡੇ ਪੱਧਰ ’ਤੇ ਮੋਟਰਾਂ ਆਦਿ ਵੀ ਚੋਰੀ ਹੋ ਰਹੀਆਂ ਹਨ। ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਚੋਰਾਂ ਨੇ ਜ਼ਿਲ੍ਹੇ ਭਰ ਵਿੱਚੋਂ ਕਰੀਬ 100 ਮੋਟਰਾਂ ਚੋਰੀ ਕੀਤੀਆਂ ਹਨ ਅਤੇ ਲਗਪਗ ਇੰਨੇ ਹੀ ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ ਪਰ ਪੁਲੀਸ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਕਾਬੂ ਕਰਵਾਉਣ ਲਈ ਕਿਸਾਨਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ ਪਰ ਪੁਲੀਸ ਫਿਰ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਜ਼ਿਲ੍ਹਾ ਪੁਲੀਸ ਮੁਖੀ ਰਾਜਪਾਲ ਸਿੰਘ ਨੇ ਕਿਹਾ ਕਿ ਮੋਟਰਾਂ ਚੋਰੀ ਕਰਨ ਵਾਲੇ ਵਿਅਕਤੀਆਂ ਖਿਲਾਫ਼ ਜਿੰਨੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ, ਉਸ ਵਿੱਚ ਪੁਲੀਸ ਨੇ ਬਕਾਇਦਾ ਤੌਰ ’ਤੇ ਪਰਚੇ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।