ਪੱਤਰ ਪ੍ਰੇਰਕ
ਮਾਨਸਾ, 18 ਸਤੰਬਰ
ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਜਨ ਸੰਪਰਕ ਮੁਹਿੰਮ ਤਹਿਤ ਪਿੰਡਾਂ ਨੰਗਲ ਖੁਰਦ, ਦੂਲੋਵਾਲ, ਕੋਟਧਰਮੂ, ਹੀਰੇਵਾਲਾ ਤੇ ਗੇਹਲੇ ਵਿੱਚ ਨੁੱਕੜ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਜ਼ਾਦੀ ਮਿਲਣ ਦੇ 75 ਸਾਲਾਂ ਬਾਅਦ ਵੀ ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਵਾਪਰ ਰਿਹਾ ਕਿ ਸਮੇਂ ਦੀ ਹਕੂਮਤ ਵੱਲੋਂ ਆਟੇ ਤੇ ਦੁੱਧ ਵਰਗੀਆਂ ਜ਼ਰੂਰੀ ਵਸਤਾਂ ’ਤੇ ਟੈਕਸ ਲਗਾਇਆ ਜਾ ਰਿਹਾ ਹੈ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਦਾ ਟੈਕਸ ਮੁਆਫ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਦੀਆਂ ਨਵਉਦਾਰਵਾਦੀ ਕਾਰਪੋਰੇਟ ਘਰਾਣੇ ਪੱਖੀ ਨੀਤੀਆਂ ਸਦਕਾ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਨਿੱਤ ਵਰਤੋਂ ਦੀਆਂ ਮਹਿੰਗੀ ਹੋ ਰਹੀਆਂ ਵਸਤਾਂ ਨੇ ਆਮ ਆਦਮੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾ ਘੱਟਣ ਦੇ ਬਾਵਜੂਦ ਮੋਦੀ ਹਕੂਮਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨਹੀਂ ਘਟਾ ਰਹੀ ਹੈ। ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਮਹਿੰਗਾਈ ਵਿਰੁੱਧ ਜਾਗਰੂਕ ਕਰਨ ਲਈ 24 ਸਤੰਬਰ ਨੂੰ ਪਾਰਟੀ ਵੱਲੋਂ ਜਲੰਧਰ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਇਸ ਮੌਕੇ ਕਾਮਰੇਡ ਕਾਲਾ ਖਾਂ ਭੰਮੇ, ਰਾਜਾ ਸਿੰਘ ਦੂਲੋਵਾਲ, ਹਬੀਬ ਖਾਂ ਨੰਗਲ, ਬਲਦੇਵ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਬਲਦੇਵ ਸਿੰਘ ਉੱਡਤ ਤੇ ਗੁਰਮੇਲ ਸਿੰਘ ਗੇਹਲੇ ਨੇ ਵੀ ਸੰਬੋਧਨ ਕੀਤਾ।
ਧਰਨੇ ਦੀ ਲਾਮਬੰਦੀ ਲਈ ਪਿੰਡਾਂ ਵਿੱਚ ਨੁੱਕੜ ਰੈਲੀਆਂ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਾਨਸਾ ਵੱਲੋਂ 19 ਸਤੰਬਰ ਦੇ ਧਰਨੇ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਦੀਆਂ ਰੈਲੀਆਂ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਦੀ ਅਗਵਾਈ ’ਚ ਪਿੰਡ ਔਤਾਂਵਾਲੀ ਅਤੇ ਮੂਸਾ ਵਿੱਚ ਕਰਵਾਈਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ 19 ਸਤੰਬਰ ਨੂੰ ਐੱਸਡੀਐੱਮ ਦਫ਼ਤਰ ਅੱਗੇ ਕਿਸਾਨੀ ਮੰਗਾਂ ਮਨਾਉਣ ਲਈ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ, ਟੇਲਾਂ ’ਤੇ ਨਹਿਰੀ ਪਾਣੀ ਦੀ ਘਾਟ ਦਾ ਮਾਮਲਾ ਸੁਲਝਾਉਣ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨ, ਲੰਪੀ ਸਕਿਨ ਕਾਰਨ ਬਿਮਾਰ ਪਸ਼ੂਆਂ ਦੇ ਇਲਾਜ ਲਈ ਪ੍ਰਬੰਧ ਅਤੇ ਮ੍ਰਿਤਕ ਪਸ਼ੂਆਂ ਦੇ ਮੁਆਵਜ਼ਾ ਲਈ ਧਰਨਾ ਦੇ ਕੇ ਮੰਗ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਅਮਰੀਕ ਔਤਾਂਵਾਲੀ, ਗੁਰਦੀਪ ਮੂਸਾ, ਜੈਲਾ ਮੂਸਾ, ਬਿੱਕਰ ਸਿੰਘ ਔਤਾਂਵਾਲੀ ਅਤੇ ਕਿਸਾਨ ਪੱਖੀ ਗੀਤਕਾਰ ਅਜਮੇਰ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।