ਕੁਲਦੀਪ ਭੁੱਲਰ
ਮੌੜ ਮੰਡੀ, 1 ਸਤੰਬਰ
ਹਲਕਾ ਮੌੜ ਤੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਬੰਧੀ ਪਿਛਲੇ ਲਗਪਗ ਇਕ ਮਹੀਨੇ ਤੋਂ ਲਾਏ ਜਾ ਰਹੇ ਕਿਆਫੇ ਅੱਜ ਉਸ ਸਮੇਂ ਖ਼ਤਮ ਹੋ ਗਏ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਪਾਰਲੀਮੈਂਟ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ। ਦੱਸਣਯੋਗ ਹੈ ਕਿ ਹਲਕਾ ਮੌੜ ਤੋਂ ਜਨਮੇਜਾ ਸਿੰਘ ਸੇਖੋਂ ਦੇ ਚਲੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਸਰਗਰਮ ਸਨ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਬੀਤੇ ਦਿਨੀਂ ਪਾਰਟੀ ਹਾਈ ਕਮਾਨ ਨੂੰ ਮੌੜ ਵਿਧਾਨ ਸਭਾ ਹਲਕੇ ਤੋਂ ਸ੍ਰੀ ਮਲੂਕਾ ਨੂੰ ਟਿਕਟ ਦੇਣ ਦੀ ਬੇਨਤੀ ਵੀ ਕੀਤੀ ਗਈ ਸੀ। ਸ੍ਰੀ ਮਲੂਕਾ ਨੇ ਪਾਰਟੀ ਵੱਲੋਂ ਰਾਮਪੁਰਾ ਫੂਲ ਤੋਂ ਟਿਕਟ ਦੇਣ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਆਖਿਆ ਸੀ ਕਿ ਉਹ ਰਾਮਪੁਰਾ ਫੂਲ ਹਲਕੇ ਤੋਂ ਚੋਣ ਨਹੀਂ ਲੜਨਗੇ ਅਤੇ ਇਥੋਂ ਉਨ੍ਹਾਂ ਦਾ ਪੁੱਤਰ ਚੋਣ ਲੜੇਗਾ।
ਜਗਮੀਤ ਬਰਾੜ ਨੂੰ ਰਸਮੀ ਤੌਰ ’ਤੇ ਉਮੀਦਵਾਰ ਐਲਾਨੇ ਜਾਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਜਦੋਂਕਿ ਸਿਕੰਦਰ ਸਿੰਘ ਮਲੂਕਾ ਦੇ ਸਮਰਥਕਾਂ ਨੇ ਚੁੱਪ ਵੱਟ ਲਈ ਅਤੇ ਇਸ ਖੇਮੇ ’ਚ ਨਿਰਾਸ਼ਾ ਦਾ ਆਲਮ ਹੈ। ਅੱਜ ਮੌੜ ਵਿੱਚ ਸ੍ਰੀ ਬਰਾੜ ਸਮਰਥਕਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਬਰਾੜ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਕੱਤਰ ਹੋ ਕੇ ਲੱਡੂ ਵੰਡੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਦੌਰਾਨ ਹਲਕੇ ਦੇ ਪਿੰਡ ਕੋਟਭਾਰਾ, ਰਾਮਗੜ੍ਹ ਭੂੰਦੜ, ਰਾਜਗੜ੍ਹ ਕੁੱਬੇ ਆਦਿ ਪਿੰਡ ਵਿੱਚ ਵੀ ਅਕਾਲੀ ਵਰਕਰਾਂ ਨੇ ਜਗਮੀਤ ਬਰਾੜ ਨੂੰ ਪਾਰਟੀ ਟਿਕਟ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ। ਇਸ ਮੌਕੇ ਕੁਲਵਿੰਦਰ ਸਿੰਘ ਬਰਾੜ ਕੋਟਫੱਤਾ, ਨਗਰ ਕੌਂਸਲ ਮੌੜ ਦੇ ਸਾਬਕਾ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਕੱਪੀ, ਹਰਤਾਬਲ ਸੁਖੀ, ਲਾਭ ਸਿੰਘ ਮੌੜ ਕਲਾਂ, ਗਿਆਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਵੰਤ ਕੈਲਾਸ਼ਾ, ਰਣਜੀਤ ਸਿੰਘ ਸਾਬਕਾ ਸਰਪੰਚ ਜੋਧਪੁਰ, ਅਮਰਜੀਤ ਸਿੰਘ ਤੇ ਹੋਰ ਮੌਜੂਦ ਸਨ।