ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ
ਪਿੰਡ ਵੜਿੰਗ ਦਾ ਜਸਦੀਪ ਸਿੰਘ, ਮੁਕਤਸਰ ਦੇ ਐੱਸਡੀਐੱਮ ਦਫ਼ਤਰ ਅੱਗੇਰਾਤ ਨੂੰ ਡੇਢ ਵਜੇ ਦਾ ਆ ਕੇ ਖੜ੍ਹਾ ਹੈ। ਉਸ ਨੇ ਆਪਣੇ ਟਰੈਕਟਰ ਦਾ ਕਰਜ਼ਾ ਰੱਦ ਕਰਵਾ ਕੇ ਐੱਨਓਸੀ ਲੈਣੀ ਹੈ। ਉਹ ਕਈ ਹਫ਼ਤਿਆਂ ਤੋਂ ਐੱਸਡੀਐੱਮ ਦਫ਼ਤਰ ਦੇ ਗੇੜੇ ਕੱਢ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਅੱਠ ਵਜੇ, ਫਿਰ ਚਾਰ ਵਜੇ ਤੇ ਫਿਰ ਤਿੰਨ ਵਜੇ ਰਾਤ ਨੂੰ ਦਫ਼ਤਰ ਆਇਆ ਤਾਂ ਵੀ ਉਸ ਦੀ ਵਾਰੀ ਨਹੀਂ ਆਈ ਤਾਂ ਅਖੀਰ ਉਹ ਰਾਤ ਨੂੰ ਡੇਢ ਵਜੇ ਆ ਕੇ ਖੜ੍ਹਾ ਹੋਇਆ। ਜਸਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ 30 ਫਾਇਲਾਂ ਫੜੀਆਂ ਜਾਂਦੀਆਂ ਹਨ ਉਹ ਵੀ ਹਫ਼ਤੇ ਵਿੱਚ ਸਿਰਫ ਤਿੰਨ ਦਿਨ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਰਾਤ ਨੂੰ ਮੰਜੇ ਲਿਆ ਕੇ ਦਫ਼ਤਰ ਮੂਹਰੇ ਡਾਹਿਆ ਕਰਨਗੇ। ਇਹੀ ਹਾਲ ਪਿੰਡ ਕੋਟਲੀ ਦੇ ਗੁਰਤੇਜ ਸਿੰਘ, ਮੁਕਤਸਰ ਦੇ ਜੰਗੀਰ ਸਿੰਘ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਦੱਸਿਆ। ਲੋਕਾਂ ਦੀ ਮੰਗ ਹੈ ਕਿ 30 ਫਾਇਲਾਂ ਤੋਂ ਅਗਲੇ ਵਿਅਕਤੀਆਂ ਨੂੰ ਵੇਟਿੰਗ ਨੰਬਰ ਜਾਰੀ ਕੀਤਾ ਜਾਵੇ ਤਾਂ ਜੋ ਲੋਕ ਉਸ ਦਿਨ ਆ ਕੇ ਆਪਣੀ ਫਾਇਲ ਜਮ੍ਹਾਂ ਕਰਵਾ ਸਕਣ। ਇਸ ਦੌਰਾਨ ਸਹਾਇਕ ਕਮਿਸ਼ਨ ਜਨਰਲ ਗਗਨਦੀਪ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਹੱਲ ਕਰਨਗੇ।