ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 22 ਅਗਸਤ
ਮੁਕਤਸਰ ਪੁਲੀਸ ਲਾਈਨ ਤੋਂ ਪ੍ਰਧਾਨ ਮੰਤਰੀ ਡਿਊਟੀ ਲਈ ਰਵਾਨਾ ਹੋਣ ਸਮੇਂ ਆਪਣੇ ਹੀ ਸਰਵਿਸ ਰਿਵਾਲਵਰ ਦੀ ਗੋਲੀ ਨਾਲ ਮਾਰੇ ਗਏ ਸਟੇਟ ਐਵਾਰਡੀ ਏਐੱਸਆਈ ਕਾਸਮ ਅਲੀ ਨੂੰ ਲਾਗਲੇ ਪਿੰਡ ਕੋਟਲੀ ਦੇ ਕਬਰਸਿਤਾਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਛੇ ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਇਮਾਮ ਨੇ ਜਨਾਜ਼ੇ ਦੀ ਨਮਾਜ਼ ਅਦਾ ਕਰਵਾਈ। ਇਸ ਮੌਕੇ ਮੁਸਲਿਮ ਇੰਤਜਾਮੀਆ ਕਮੇਟੀ ਦੇ ਚੇਅਰਮੈਨ ਹਾਜ਼ੀ ਮੁਹੰਮਦ ਅਸ਼ਰਫ, ਪ੍ਰਧਾਨ ਡਾ. ਮੁਹੰਮਦ ਸਈਦ ਨੇਤਾ ਅਤੇ ਸੈਕਟਰੀ ਅਕਬਰ ਅਲੀ ਅਤੇ ਰਾਜਾ ਖਾਂ ਸਣੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਮੌਜੂਦ ਸੀ। ਇਸ ਮੌਕੇ ਸੋਨੀ ਸੇਵਾ ਆਸ਼ਰਮ ਦੇ ਬਾਬਾ ਗੁਰਪ੍ਰੀਤ ਸਿੰਘ ਸੋਨੀ ਨੇ ਕਾਸਮ ਅਲੀ ਦੀ ਯਾਦ ਵਿੱਚ ਪਿੱਪਲ, ਬੋਹੜ ਤੇ ਨਿੰਮ ਦੀ ਤ੍ਰਿਵੈਣੀ ਲਾਈ। ਦੱਸਣਯੋਗ ਹੈ ਕਿ ਕਾਸਮ ਅਲੀ ਨੂੰ ਮੁੱਖ ਮੰਤਰੀ ਵੱਲੋਂ ਸਟੇਟ ਐਵਾਰਡ ਦੇ ਨਾਲ ਪੁਲੀਸ ਵੱਲੋਂ ਤਿੰਨ ਡਿਸਕਾਂ ਵੀ ਦਿੱਤੀਆਂ ਗਈਆਂ ਹਨ।