ਬਲਜੀਤ ਸਿੰਘ
ਸਰਦੂਲਗੜ੍ਹ, 1 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ, ਝੰਡੂਕੇ, ਅਹਾਲੂਪੁਰ, ਟਿੱਬੀ ਹਰੀ ਸਿੰਘ ਆਦਿ ਪਿੰਡ ਚ ਪਾਰਟੀ ਵਰਕਰਾਂ ਅਤੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਖੁੱਡੀਆਂ ਨੇ ਕਿਹਾ ਕੇਂਦਰ ’ਚ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਹੀ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਪੰਜਾਬੀ ਜ਼ਰੂਰ ਇਤਹਾਸ ਰਚਨਗੇ। ਉਨ੍ਹਾਂ ਕਿਹਾ ਦੇਸ਼ ਦੇ ਲੋਕ ਭਾਜਪਾ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ। ਇਸ ਗੱਲ ਦਾ ਪਤਾ ਭਾਜਪਾ ਨੂੰ ਵੀ ਲੱਗ ਚੁੱਕਾ ਹੈ ਜਿਸ ਕਰਕੇ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਤਾਂ ਕਿ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦਾ ਪ੍ਰਚਾਰ ਘੱਟ ਹੋ ਸਕੇ। ਉਨ੍ਹਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਪੰਜਾਬ ਲਈ ਵਿਸ਼ੇਸ਼ ਪੈਕੇਜ ਲੈਣਗੇ ਤੇ ਖੇਤੀਬਾੜੀ ਸਬੰਧੀ ਕਿਸਾਨ, ਮਜ਼ਦੂਰ ਅਤੇ ਵਪਾਰੀਆਂ ਨੂੰ ਧਿਆਨ ’ਚ ਰੱਖਦੇ ਹੋਏ ਨੀਤੀਆਂ ਘੜੀਆਂ ਜਾਣਗੀਆਂ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਹਲਕਾ ਸਰਦੂਲਗੜ੍ਹ ’ਚੋਂ ਉਹ ‘ਆਪ’ ਉਮੀਦਵਾਰ ਨੂੰ ਵੱਡੀ ਲੀਡ ਦਵਾਉਣਗੇ। ਇਸੇ ਦੌਰਾਨ ਟਿੱਬੀ ਹਰੀ ਸਿੰਘ ਤੋਂ ਦੋ ਦਰਜਨ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ, ਚਰਨਜੀਤ ਸਿੰਘ ਅੱਕਾਂਵਾਲੀ, ਗੁਰਸੇਵਕ ਸਿੰਘ ਖਹਿਰਾ, ਡਾ. ਹਰਦੇਵ ਸਿੰਘ ਕੋਰਵਾਲਾ, ਮਾ ਬਲਵਿੰਦਰ ਸਿੰਘ, ਈਸ਼ਰ ਸਿੰਘ ਫੱਤਾ ਆਦਿ ਹਾਜ਼ਰ ਸਨ।