ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 21 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲਦੇ ‘ਗੁਰੂ ਕਾਸ਼ੀ ਕੈਂਪਸ’ ਦਾ ਕੁੱਝ ਦਿਨ ਪਹਿਲਾਂ ਨਾਮ ਬਦਲ ਕੇ ‘ਪੰਜਾਬੀ ਯੂਨੀਵਰਸਿਟੀ ਦੱਖਣੀ ਕੈਂਪਸ’ ਰੱਖਣ ਦਾ ਇਲਾਕਾ ਵਾਸੀਆਂ ਵੱਲੋਂ ਕੀਤੇ ਸਖ਼ਤ ਵਿਰੋਧ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਅਰਵਿੰਦ ਵੱਲੋਂ ਕੈਂਪਸ ਦਾ ਨਾਂ ਫਿਰ ਤੋਂ ‘ਪੰਜਾਬੀ ਯੂਨੀਵਰਸਿਟੀ ਗੁਰੂੁ ਕਾਸ਼ੀ ਕੈਂਪਸ ਦਮਦਮਾ ਸਾਹਿਬ’ ਰੱਖ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਕੈਂਪਸ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ।
ਗੁਰੂ ਕਾਸ਼ੀ ਸੋਸ਼ਲ ਸਾਇੰਸਿਜ਼ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੂਸਰੇ ਕੈਂਪਸ ਵਜੋਂ ਵਿਕਸਤ ਕਰਨ ਦੀ ਪ੍ਰਕਿਰਿਆ ਦੌਰਾਨ ਪਹਿਲਾਂ ਇਸ ਕੈਂਪਸ ਦਾ ਨਾਂ “ਪੰਜਾਬੀ ਯੂਨੀਵਰਸਿਟੀ ਪਟਿਆਲਾ ਦੱਖਣੀ ਕੈਂਪਸ ਤਲਵੰਡੀ ਸਾਬੋ” ਕਰ ਦਿੱਤਾ ਗਿਆ ਸੀ। ਜਿਸਦਾ ਇਲਾਕੇ ਵਿੱਚ ਭਾਰੀ ਰੋਸ ਸੀ। ਇਲਾਕੇ ਦੇ ਮੋਹਤਬਰ ਨੁਮਾਇੰਦਿਆਂ ਅਤੇ ਜਥੇਬੰਦੀਆਂ ਦੀ ਇੱਛਾ ਉੱਤੇ ਫੁੱਲ ਚੜ੍ਹਾਉਂਦੇ ਹੋਏ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਨੇ ਇਸ ਕੈਂਪਸ ਦੇ ਨਾਂ ਵਿੱਚ ‘ਗੁਰੂ ਕਾਸ਼ੀ’ ਅਤੇ ‘ਦਮਦਮਾ ਸਾਹਿਬ’ ਦੋਵੇਂ ਸ਼ਬਦ ਸ਼ਾਮਲ ਕਰਦੇ ਹੋਏ ਕੈਂਪਸ ਦਾ ਇਹ ਨਾਮਕਰਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਕਾਸ਼ੀ ਕਾਲਜ ਦੇ ਸਾਰੇ ਕੋਰਸਾਂ ਦੀਆਂ ਕਲਾਸਾਂ ਸਮੇਤ ਬੀਸਏ, ਪੀਜੀਡੀਸੀਏ ਅਤੇ ਬੀਐੱਸਸੀ (ਮੈਡੀਕਲ ਅਤੇ ਨਾਨ ਮੈਡੀਕਲ) ਗੁਰੂ ਕਾਸ਼ੀ ਕਾਲਜ ਦੀ ਪੁਰਾਣੀ ਅਤੇ ਨਵੀਂ ਇਮਾਰਤ ਵਿੱਚ ਹੀ ਲੱਗਣਗੀਆਂ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਜੋ ਵਿਦਿਆਰਥੀ ਪਹਿਲਾਂ ਪੱਤਰ ਵਿਹਾਰ ਕੋਰਸਾਂ ਦੀਆਂ ਕਲਾਸਾਂ ਲਗਾਉਣ ਲਈ ਯੂਨੀਵਰਸਿਟੀ ਦੇ ਪਟਿਆਲੇ ਵਾਲੇ ਕੈਂਪਸ ਵਿੱਚ ਜਾਂਦੇ ਸਨ ਉਹ ਆਪਣੀਆਂ ਕਲਾਸਾਂ ਇਸ ਕੈਂਪਸ ਵਿੱਚ ਲਗਾ ਸਕਣਗੇ ਅਤੇ ਇਸ ਇਲਾਕੇ ਦੇ ਵਿਦਿਆਰਥੀਆਂ ਦੇ ਸਰਟੀਫਿਕੇਟ, ਡਿਗਰੀ ਆਦਿ ਵਿੱਚ ਗ਼ਲਤੀਆਂ ਦੀ ਦਰੁਸਤੀ ਲਈ ਇੱਕ ਸੁਵਿਧਾ ਸੈਂਟਰ ਵੀ ਇਸ ਕੈਂਪਸ ਵਿੱਚ ਖੋਲ੍ਹਿਆ ਜਾਵੇਗਾ।