ਸ਼ਗਨ ਕਟਾਰੀਆ
ਜੈਤੋ, 9 ਜਨਵਰੀ
ਪੰਜਾਬ ਸਰਕਾਰ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਮੁਹਾਜ਼ ਦੇ ਸੱਦੇ ’ਤੇ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਦੇ ਵਿਹੜੇ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਤੋਂ ਪਹਿਲਾਂ ਦਿਖਾਵਾਕਾਰੀਆਂ ਵੱਲੋਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਮਾ. ਸਾਧੂ ਰਾਮ ਬਾਂਸਲ, ਗੁਰਬਖਸ਼ ਸਿੰਘ, ਸੂਬਾ ਸਿੰਘ ਰਾਮੇਆਣਾ, ਵੀਰ ਸਿੰਘ, ਨਛੱਤਰ ਸਿੰਘ ਪੰਜਾਬ ਰੋਡਵੇਜ਼, ਗੁਰਮੀਤ ਸਿੰਘ ਬਰਾੜ, ਜਸਵਿੰਦਰ ਸਿੰਘ, ਪ੍ਰਕਾਸ਼ ਸਿੰਘ ਜੈਤੋ ਆਦਿ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਟਾਲ-ਮਟੋਲ ਦੀ ਨੀਤੀ ਦੀ ਨਿਖੇਧੀ ਕੀਤੀ। ਬੁਲਾਰਿਆਂ ਨੇ ਪੇਅ-ਕਮਿਸ਼ਨ ਦੀ ਰਿਪੋਰਟ ਬਿਨਾਂ ਕਿਸੇ ਦੇਰੀ ਦੇ ਲਾਗੂ ਕਰਨ ਦੀ ਮੰਗ ਕੀਤੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਪੰਜਾਬ-ਯੂ.ਟੀ. ਮੁੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਜ਼ਿਲ੍ਹਾ ਬਰਨਾਲਾ ਵੱਲੋਂ ਮਾਸਟਰ ਮਨੋਹਰ ਲਾਲ, ਅਨਿਲ ਕੁੁਮਾਰ, ਨਛੱਤਰ ਸਿੰਘ ਭਾਈਰੂਪਾ ਅਤੇ ਮੋਹਨ ਸਿੰਘ ਵੇਅਰ ਹਾਊਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਮੁੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸਥਾਨਕ ਡੀਸੀ ਦਫ਼ਤਰ ਅੱਗੇ ਰੋਸ ਮੁੁਜ਼ਾਹਰਾ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਚੀਮਾ, ਪਰਮਜੀਤ ਸਿੰਘ ਪਾਸੀ, ਬਲਵੰਤ ਸਿੰਘ, ਜਗਰਾਜ ਰਾਮਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਪੰਜਾਬ ਦੇ ਮੁੁਲਾਜ਼ਮਾ ਨਾਲ ਧੋਖਾ ਕਰ ਰਿਹਾ ਹੈ| ਮੁੁਲਾਜ਼ਮਾਂ ਨਾਲ ਹੋਈ ਪਿਛਲੀ ਮੀਟਿੰਗ ਵਿੱਚ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ 31 ਦਸੰਬਰ 2020 ਤੱਕ ਹਰ ਹਾਲਤ ਵਿੱਚ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇਗੀ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਵੀ ਜਾਰੀ ਕਰਨ ਦਾ ਹੁੰਗਾਰਾ ਭਰਿਆ ਸੀ ਪਰ ਪੇਅ ਕਮਿਸ਼ਨ ਦੀ ਮਿਆਦ ਇੱਕ ਵਾਰ ਫਿਰ ਵਧਾ ਕੇ ਪੰਜਾਬ ਦੇ ਲੱਖਾਂ ਮੁੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ| ਇਸ ਮੌਕੇ ਮੁੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਕੀਤਾ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਕੱਟੂ, ਮੋਹਨ ਸਿੰਘ ਟੱਲੇਵਾਲ, ਮਲਕੀਤ ਸਿੰਘ ਬਰਨਾਲਾ, ਗੁੁਰਜੰਟ ਸਿੰਘ ਕੈਰੇ, ਤਾਰ ਸਿੰਘ ਗਿੱਲ, ਜਗਵੰਤ ਸਿੰਘ ਹੰਡਿਆਇਆ, ਨੰਨੂ ਮਾਲੀ, ਜਗਵਿੰਦਰਪਾਲ ਸਿੰਘ ਹੰਡਿਆਇਆ ਅਤੇ ਬਲਵਿੰਦਰ ਸਿੰਘ ਧਨੇਰ ਨੇ ਵੀ ਸੰਬੋਧਨ ਕੀਤਾ|