ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 6 ਦਸੰਬਰ
ਸੂਬੇ ਭਰ ਅੰਦਰ ਮੁਸਲਮਾਨ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਲਈ ਕਬਰਿਸਤਾਨਾਂ ਦੀ ਹੋਈ ਖਸਤਾ ਹਾਲਤ ਅਤੇ ਨਾਜਾਇਜ਼ ਕਬਜ਼ਿਆਂ ਤੋਂ ਪ੍ਰੇਸ਼ਾਨ ਪਿਛਲੇ ਮਹੀਨੇ ਜੁਲਾਈ ਵਿੱਚ ਸਬੰਧਿਤ ਭਾਈਚਾਰੇ ਵੱਲੋਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਤਕ ਪਹੁੰਚ ਕੀਤੀ ਸੀ। ਕਮਿਸ਼ਨ ਦੇ ਮੈਂਬਰ ਸ਼ਲਿਨ ਕੁਮਾਰ ਨੂੰ ਉਨ੍ਹਾਂ ਦੇ ਦਫ਼ਤਰ ਮੁਹਾਲੀ ਪੁੱਜ ਕੇ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਗਈ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਕਬਰਿਸਤਾਨਾਂ ਲਈ ਚਾਰਦੀਵਾਰੀ, ਪਾਣੀ ਦਾ ਪ੍ਰਬੰਧ, ਦੋ ਕਮਰਿਆਂ ਤੋਂ ਇਲਾਵਾ ਰਸਤਿਆਂ ਅਤੇ ਕਬਰਿਸਤਾਨ ਦੀ ਜਗ੍ਹਾ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਏ ਜਾਣ। ਇਸ ਸਬੰਧੀ ਕਮਿਸ਼ਨ ਦੇ ਮੈਂਬਰ ਸਲਿਨ ਕੁਮਾਰ ਵੱਲੋਂ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸੀਨੀਅਰ ਕਪਤਾਨ ਪੁਲੀਸ ਨੂੰ ਪੱਤਰ ਜਾਰੀ ਕਰਦਿਆਂ ਕਬਰਿਸਤਾਨਾਂ ਦੀ ਉਸਾਰੀ ਅਤੇ ਨਾਜਾਇਜ਼ ਕਬਜ਼ਿਆਂ ’ਤੇ ਫੌਰੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਗਰਾਂਟ ਜਾਰੀ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਬਰਿਸਤਾਨਾਂ ਦੀ ਰੱਖ ਰਖਾਅ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਕਮਿਸ਼ਨ ਮੈਂਬਰ ਵਲੋਂ ਸਥਾਨਕ ਕਬਰਿਸਤਾਨ ਕਸਬਾ ਫੂਲ ਟਾਊਨ ਵਿਖੇ ਪਹੁੰਚ ਕੀਤੀ ਗਈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਵਲੋਂ ਕਾਰਜ ਸਾਧਕ ਅਫਸਰ ਸੰਜੇ ਸਿੰਘ ਦੀ ਟੀਮ ਦੀ ਡਿਊਟੀ ਲਗਾਈ ਗਈ ਪਰੰਤੂ ਪੁਲੀਸ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਬੰਧਿਤ ਸਥਾਨ ’ਤੇ ਨਹੀਂ ਪੁੱਜਾ। ਇਸ ਮੌਕੇ ਕਮਿਸ਼ਨ ਮੈਂਬਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਅੰਦਰ ਕਬਰਿਸਤਾਨਾਂ ਦੀ ਉਸਾਰੀ ਲਈ ਗਰਾਂਟਾਂ ਮਨਜ਼ੂਰ ਕੀਤੀਆਂ ਗਈਆਂ ਹਨ ਪ੍ਰੰਤੂ ਫਿਰ ਵੀ ਸੂਬੇ ਅੰਦਰ ਕਬਰਿਸਤਾਨਾਂ ਦੀ ਹਾਲਤ ਖਸਤਾ ਬਣੀ ਹੋਈ ਹੈ ਉਨ੍ਹਾਂ ਪ੍ਰਸ਼ਾਸਨ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਇਕ ਹਫ਼ਤੇ ਅੰਦਰ ਸਾਰੀ ਕਾਰਵਾਈ ਕਰਕੇ ਰਿਪੋਰਟ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਨੂੰ ਭੇਜੀ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲਰ ਸੁਖਦੇਵ ਸਿੰਘ ਸੁੱਖੀ, ਡਾ ਦਾਰਾ ਖਾਨ, ਇੰਦਰਜੀਤ ਜੀਤੀ, ਜੋਨੀ , ਟੋਨੀ ਤੋ ਇਲਾਵਾ ਸੈਨਟਰੀ ਇੰਸ ਰਮੇਸ਼ ਕੁਮਾਰ, ਲਛਮਣ ਦਾਸ, ਤੇ ਇਬਰਾਹਿਮ ਖਾਨ ਹਾਜ਼ਰ ਸਨ।