ਜੋਗਿੰਦਰ ਸਿੰਘ ਮਾਨ
ਮਾਨਸਾ, 17 ਫਰਵਰੀ
ਮਾਲਵਾ ਖੇਤਰ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਉਸ ਵੇਲੇ ਹੱਕੀਆਂ-ਬੱਕੀਆਂ ਰਹਿ ਗਈਆਂ, ਜਦੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਅੱਜ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰਸ਼ ਵਰਧਨ ਦੀ ਹਾਜ਼ਰੀ ਵਿੱਚ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਦੇਸ਼ ਵੇਚਣ ਵਾਲੀ ਬੀਜੇਪੀ ਤੋਂ ਮੁਲਕ ਨੂੰ ਬਚਾਉਣਾ ਹੈ ਤਾਂ ਕਾਂਗਰਸ ਨੂੰ ਮਜ਼ਬੂਤ ਕਰਨਾ ਪਵੇਗਾ, ਕਿਉਂਕਿ ਦੇਸ਼ ਵਿਚ ਭਾਜਪਾ ਨੂੰ ਕਾਂਗਰਸ ਹੀ ਟੱਕਰ ਦੇ ਸਕਦੀ ਹੈ। ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅਗਵਾਈ ਵਿੱਚ ਕਾਂਗਰਸ ’ਚ ਸ਼ਾਮਲ ਹੋਏ ਐਡਵੋਕੇਟ ਬਲਕਰਨ ਸਿੰਘ ਬੱਲੀ ਨੁੂੰਸ ਕਾਂਗਰਸ ਦੇ ਜਨਰਲ ਕੱਤਰ ਹਰਸ਼ ਵਰਧਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਵਿਚ ਸਨਮਾਨ ਯੋਗ ਅਹੁਦੇ ’ਤੇ ਨਿਯੁਕਤ ਕੀਤਾ ਜਾਵੇਗਾ। ਐਡਵੋਕੇਟ ਬੱਲੀ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀਆਂ ਫ਼ਸਲਾਂ ਅਤੇ ਨਸਲਾਂ ਬਰਬਾਦ ਕਰਕੇ ਆਪਣੇ ਘਰ ਭਰੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਤੇ ਦਿੱਲੀ ਦੇਸ਼ ਦਾ ਪਹਿਲਾ ਸੂਬਾ ਸੀ, ਜਿੱਥੇ ਕੇਜਰੀਵਾਲ ਨੇ ਇਨ੍ਹਾਂ ਕਾਨੂੰਨਾਂ ਨੂੰ ਨੋਟੀਫਾਈ ਕੀਤਾ ਅਤੇ ਧਾਰਾ-370 ਦੇ ਮਾਮਲੇ ’ਤੇ ਅਕਾਲੀਆਂ ਅਤੇ ਆਪ ਨੇ ਭਾਜਪਾ ਦੀ ਹਾਂ ’ਚ ਹਾਂ ਮਿਲਾਈ।
ਦੁਸ਼ਮਣ ਪਾਰਟੀਆਂ ’ਚ ਸ਼ਾਮਲ ਹੋਣ ਨਾਲੋਂ ਖੂਹ ’ਚ ਛਾਲ ਮਾਰਨੀ ਚੰਗੀ: ਰੁਲਦੂ ਸਿੰਘ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨਾਲ ਜਦੋਂ ਇਸ ਮਾਮਲੇ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਮਾਤੀ ਦੁਸ਼ਮਣ ਪਾਰਟੀਆਂ ਵਿੱਚ ਸ਼ਾਮਲ ਹੋਣ ਨਾਲੋਂ ਖੂਹ ਵਿੱਚ ਛਾਲ ਮਾਰਨੀ ਚੰਗੀ ਹੈ। ਉਨ੍ਹਾਂ ਇਸ ਕਦਮ ਦੱਸਦਿਆਂ ਕਿਹਾ ਕਿ ਉਨ੍ਹਾਂ ਤੋਂ ਜਥੇਬੰਦੀ ਦੇ ਸਾਰੇ ਅਹੁਦੇ ਵਾਪਸ ਲਏ ਗਏ ਹਨ।