ਪੱਤਰ ਪ੍ਰੇਰਕ
ਜ਼ੀਰਾ, 31 ਅਗਸਤ
ਪਿੰਡ ਧੰਨਾ ਸ਼ਹੀਦ ’ਚ ਬਾਬਾ ਸ਼ਹੀਦ ਟੂਰਨਾਮੈਂਟ ਕਮੇਟੀ ਤੇ ਗ੍ਰਾਮ ਪੰਚਾਇਤ ਵੱਲੋਂ 71ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ ਵੱਖ ਵੱਖ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਿਧਾਇਕ ਘਨੌਰ ਗੁਰਲਾਲ ਘਨੌਰ ਵੀ ਸਨ। ਇਸ ਮੌਕੇ ਅਨਮੋਲ ਗਗਨ ਮਾਨ ਨੇ ਕਬੱਡੀ ਖਿਡਾਰੀਆਂ, ਪਿੰਡ ਵਾਸੀਆਂ ਤੇ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬਾਬਾ ਧੰਨਾ ਸ਼ਹੀਦ ਕਮੇਟੀ ਤੇ ਗਰਾਮ ਪੰਚਾਇਤ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਸਾਡੇ ਪੰਜਾਬ ਦਾ ਸ਼ਿੰਗਾਰ ਹਨ। ਕਬੱਡੀ ਸਾਡੇ ਪੰਜਾਬ ਦੀ ਇੱਕ ਬਹੁਤ ਪੁਰਾਣੀ ਖੇਡ ਹੈ ਤੇ ਇਨ੍ਹਾਂ ਖੇਡਾਂ ਕਰਕੇ ਹੀ ਅੱਜ ਪੰਜਾਬ ਨੂੰ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਦੁਨੀਆਂ ਵਿੱਚ ਭਾਵੇਂ 2 ਫ਼ੀਸਦੀ ਹਾਂ ਪਰ ਫੇਰ ਵੀ ਸਾਡੇ ਸੱਭਿਆਚਾਰ, ਸਾਡੇ ਇਤਿਹਾਸ ਸਾਡੀ ਵਿਰਾਸਤ ਕਰਕੇ ਪੰਜਾਬੀਆਂ ਨੂੰ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਨੌਜਵਾਨ ਪੰਜਾਬ ਨੂੰ ਛੱਡ ਕੇ ਬਾਹਰ ਵਿਦੇਸ਼ਾਂ ’ਚ ਜਾ ਰਹੇ ਹਨ ਜਦੋਂਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਥੇ ਰਹਿ ਕੇ ਹੀ ਆਪਣੀ ਵਿਰਾਸਤ, ਸੱਭਿਆਚਾਰ ਨੂੰ ਸੰਭਾਲ ਕੇ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਈਏ। ਉਨ੍ਹਾਂ ਕਿਹਾ ਕਿ ਪੰਜਾਬੀ ਇਕ ਅਹਿਹੀ ਕੌਮ ਹੈ ਜੋ ਹਮੇਸ਼ਾ ਹੀ ਜੁਲਮ ਅੱਗੇ ਡਟ ਕੇ ਖੜ੍ਹੀ ਹੈ। ਇਸ ਲਈ ਹੁਣ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਦੇ ਸਿਸਟਮ ਨੂੰ ਬਦਲ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰਨ ਵਿਚ ਸਹਿਯੋਗ ਦੇਈਏ। ਉਨ੍ਹਾਂ ਕਬੱਡੀ ਕੱਪ ਕਰਵਾਉਣ ਵਾਲੀ ਕਮੇਟੀ ਨੂੰ 1.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਕਬੱਡੀ ਟੂਰਨਾਮੈਂਟ ’ਚ ਵੱਖ ਵੱਖ 32 ਟੀਮਾਂ ਨੇ ਭਾਗ ਲਿਆ ਹੈ। ਜਿਸ ਵਿੱਚ ਪਹਿਲੀ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਤੇ ਦੂਜੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਹੀ 62 ਕਿੱਲੋ ਵਰਗ ਕਬੱਡੀ ਮੈਚ ਵਿੱਚੋਂ ਪਹਿਲੀ ਜੇਤੂ ਟੀਮ ਨੂੰ 15 ਹਜ਼ਾਰ ਤੇ ਦੂਜੀ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਦਿੱਤਾ ਗਿਆ।