ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਕਤੂਬਰ
ਸੂਬੇ ’ਚ ਇਸ ਵਾਰ ਗੈਰਕਾਨੂੰਨੀ ਝੋਨੇ ਦੀ ਵਿਕਰੀ ਰੋਕਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਪੱਬਾਂ ਭਾਰ ਹੈ। ਮਾਫ਼ੀਆ ਵੱਲੋਂ ਉੱਤਰ ਪ੍ਰਦੇਸ਼ ਤੇ ਬਿਹਾਰ ਤੇ ਹੋਰਨਾਂ ਸੂਬਿਆਂ ਤੋਂ ਸਸਤੇ ਭਾਅ ਝੋਨਾ ਖਰੀਦ ਕੇ ਪੰਜਾਬ ਵਿੱਚ ਮਹਿੰਗੀ ਕੀਮਤ ’ਤੇ ਵੇਚਿਆ ਜਾਂਦਾ ਹੈ। ਸੂਤਰ ਦਸਦੇ ਹਨ ਕਿ ਕਥਿਤ ਕੁਝ ਚੌਲ ਮਿੱਲਾਂ ’ਚ ਝੋਨੇ ਦੀ ਘਾਟ ਹੋਣ ਉੱਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਦੀ ਮਿਲੀ ਭੁਗਤ ਨਾਲ ਮਿੱਲ ਮਾਲਕ ਹਰ ਸਾਲ ਕਰੋੜਾਂ ਰੁਪਏ ਦਾ ਬਾਹਰੋਂ ਸਸਤਾ ਝੋਨਾ ਖਰੀਦ ਕਰਕੇ ਆਪਣੀ ਘਾਟ ਪੂਰੀ ਕਰ ਲੈਂਦੀਆਂ ਹਨ ਤਾਂ ਜੋ ਮਿੱਲ ਮਾਲਕ ਸੂਬੇ ’ਚੋਂ ਆਪਣਾ ਕੋਟਾ ਲੈਣ ਦੇ ਹੱਕਦਾਰ ਹੋ ਸਕਣ ਤੇ ਕਾਲੀ ਸੂਚੀ ਵਿੱਚ ਆਉਣ ਤੋਂ ਵੀ ਬਚ ਸਕਦੇ ਹਨ। ਬਾਹਰੀ ਸੂਬਿਆਂ ਵਿੱਚ ਝੋਨੇ ਦੀ ਫ਼ਸਲ ਪੰਜਾਬ ਨਾਲ ਪਹਿਲਾਂ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ।
ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਗੈਰ-ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਣ ਲਈ ਸਿਵਲ ਸਪਲਾਈਜ਼ ਵਿਭਾਗ ਤੇ ਪੁਲੀਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਮੰਡੀ ਅਫ਼ਸਰ ਨਾਲ ਗੁਰਦੀਪ ਸਿੰਘ, ਐਸਪੀ (ਐਚ) ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ 8 ਮਾਰਕੀਟ ਕਮੇਟੀਆਂ ਵਿੱਚ ਟੀਮਾਂ ਤਾਇਨਾਤ ਕੀਤੀਆਂ ਹਨ। ਟੀਮਾਂ ਦੁਆਰਾ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਦਾਖ਼ਲ ਹੋਣ ਵਾਲੇ ਟਰੱਕ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮੰਡੀਆ ਦੀ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਜ਼ਿਲ੍ਹਾ ਮੋਗਾ ਵਿੱਚ ਗੈਰ-ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਹਰਲੀ ਸਟੇਟ ਤੋਂ ਗੈਰ ਕਾਨੂੰਨੀ ਤੌਰ ’ਤੇ ਝੋਨਾ ਲਿਆ ਕੇ ਵੇਚੇ ਜਾਣ ਦੀ ਸੂਚਨਾ ਹੈਲਪ ਲਾਈਨ ਨੰਬਰ 112 ’ਤੇ ਦਿੱਤੀ ਜਾ ਸਕਦੀ ਹੈ।
ਕੈਪਸ਼ਨ: ਮੋਗਾ ਵਿੱਚ ਟਰੱਕਾਂ ਦੀ ਜਾਂਚ ਕਰਦੀ ਪੁਲੀਸ।