ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 7 ਦਸੰਬਰ
ਪੀ.ਆਰ.ਟੀ.ਸੀ ਅਤੇ ਪਨਬਸ ਦੇ 6000 ਤੋਂ ਵੱਧ ਮੁਲਾਜ਼ਮਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਕਾਰਨ ਇਸ ਅਦਾਰੇ ਨੂੰ ਪਹਿਲੇ ਦਿਨ ਕਰੀਬ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਜਿੰਨਾ ਚਿਰ ਮੰਗਾਂ ਸਵੀਕਾਰ ਨਹੀਂ ਹੁੰਦੀਆਂ, ਓਨਾ ਚਿਰ ਮੁਲਾਜ਼ਮ ਹੜਤਾਲ ਵਾਪਸ ਨਹੀਂ ਲੈਣਗੇ। ਮੁਲਾਜ਼ਮ ਆਗੂ ਹਰਪ੍ਰੀਤ ਸਿੰਘ ਸੋਢੀ, ਹਰਜਿੰਦਰ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਆਬਾਦੀ ਦੇ ਹਿਸਾਬ ਨਾਲ ਪੀ.ਆਰ.ਟੀ.ਸੀ ਵਿੱਚ 10 ਹਜ਼ਾਰ ਨਵੀਆਂ ਬੱਸਾਂ ਦੇ ਖੇਪ ਹੋਰ ਲਿਆਉਣ ਦੀ ਜ਼ਰੂਰਤ ਹੈ, ਜਿਸ ਨਾਲ ਪੰਜਾਬ ਦੇ 70 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪਨਬਸ ਅਤੇ ਪੀ.ਆਰ.ਟੀ.ਸੀ ਕੋਲ ਇਸ ਵੇਲੇ 2300 ਦੇ ਕਰੀਬ ਬੱਸਾਂ ਹਨ ਅਤੇ ਇਨ੍ਹਾਂ ਵਿੱਚੋਂ ਅੱਜ ਸਿਰਫ਼ 5 ਫੀਸਦੀ ਬੱਸਾਂ ਹੀ ਚੱਲ ਸਕੀਆਂ। ਰੋਜ਼ਾਨਾ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੇ ਅਦਾਰੇ ਨੂੰ ਹੜਤਾਲ ਕਾਰਨ 63 ਲੱਖ ਰੁਪਏ ਹੀ ਇਕੱਤਰ ਹੋਏ। ਮੁਲਾਜ਼ਮ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਕੰਮ ਅਨੁਸਾਰ ਤਨਖਾਹ ਦਿਵਾਉਣ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੱਕੇ ਕਰਨ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਲਮਕ ਰਹੀ ਹੈ ਅਤੇ ਸਰਕਾਰ ਨੇ ਮੁਲਾਜ਼ਮਾਂ ਦੀ ਹਮੇਸ਼ਾ ਅਣਦੇਖੀ ਕੀਤੀ ਹੈ। ਮੁਲਾਜ਼ਮਾਂ ਨੇ ਧਰਨੇ ਦੌਰਾਨ ਇਹ ਵੀ ਦੋਸ਼ ਲਾਇਆ ਕਿ ਪੀ.ਆਰ.ਟੀ.ਸੀ ਤੇ ਪਨਬਸ ਆਪਣੇ ਮੁਲਾਜ਼ਮਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰ ਰਹੀ ਹੈ।