ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਦਸੰਬਰ
ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਅਡਾਨੀ ਅਨਾਜ ਭੰਡਾਰ ਅੱਗੇ 441 ਦਿਨ ਦਾ ਲਗਾਤਾਰ ਪੱਕਾ ਮੋਰਚਾ ਜੇਤੂ ਰੈਲੀ ਨਾਲ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਭ ਕਿਰਤੀ ਵਰਗ ਦੇ ਲੋਕਾਂ ਨੇ ਪਹੁੰਚ ਕੇ ਜਸ਼ਨ ਮਨਾਏ ਅਤੇ ਪੰਡਾਲ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ, ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਸੋਮ ਸਿੰਘ ਰਾਠੌਰ ਰੱਤੀਆਂ ਨੇ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਤ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਨਾਲ ਕਿਸਾਨ ਅੰਦੋਲਨ ਨੇ ਇੱਕ ਬਹੁਤ ਵੱਡੀ ਇਤਿਹਾਸਕ ਅਤੇ ਏਕੇ ਦੀ ਜਿੱਤ ਪ੍ਰਾਪਤ ਕੀਤੀ ਹੈ। ਇਸ ਮੋਰਚੇ ਨੇ ਲੋਕਾਂ ਵਿਚ ਇਕ ਨਵੀਂ ਰੂਹ ਫੂਕੀ ਹੈ ਤੇ ਲੋਕਾਂ ਦਾ ਸੰਘਰਸ਼ਾਂ ਵਿੱਚ ਯਕੀਨ ਬੱਝਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਦਾ ਸੰਘਰਸ਼ 378 ਦਿਨ ਦਿੱਲੀ ਦੀਆਂ ਬਰੂਹਾਂ ਤੇ ਤੇ ਅਡਾਨੀ ਦੇ ਸਾਇਲੋ ਪਲਾਂਟ ਅੱਗੇ ਲਗਾਤਾਰ 441 ਦਿਨ ਚੱਲਿਆ।
ਮਖੂ (ਲਖਵਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ, ਮੀਤ ਪ੍ਰਧਾਨ ਜੋਗਿੰਦਰ ਸਿੰਘ ਸਭਰ੍ਹਾ ਦੀ ਅਗਵਾਈ ਹੇਠ ਮਖੂ ਦੇ ਨੈਸ਼ਨਲ ਹਾਈਵੇਅ-54 ’ਤੇ ਰਿਲਾਇੰਸ ਦੇ ਪੈਟਰੌਲ ਪੰਪ ’ਤੇ ਜਾਰੀ ਪੱਕਾ ਮੋਰਚਾ ਅੱਜ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮਗਰੋਂ ਚੁੱਕ ਦਿੱਤਾ ਗਿਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਕਿਸਾਨ ਮੋਰਚੇ ਨੂੰ ਫ਼ਤਿਹ ਕਰਵਾਉਣ ਪਿੱਛੋਂ ਪਿੰਡ ਰੌਂਤਾ ਦੇ ਦੋ ਕਿਸਾਨਾਂ ਗੁਰਦੀਪ ਸਿੰਘ ਤੇ ਬਲਬੀਰ ਸਿੰਘ ਨੂੰ ਦੀਨਾ ਸਾਹਿਬ ਤੋਂ ਜਿਪਸੀ ਰਾਹੀਂ ਟਰੈਕਟਰਾਂ, ਕਾਰਾਂ ਤੇ ਮੋਟਰ ਸਾਈਕਲਾਂ ਦੇ ਵੱਡੇ ਕਾਫ਼ਲੇ ਨਾਲ ਪਿੰਡ ਲਿਆਂਦਾ ਗਿਆ। ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਰੌੰਤਾ ਵੱਲੋਂ ਚਾਹ ਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ।
ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਲਾਇਆ ਮੋਰਚਾ ਸਮਾਪਤ
ਸਿਰਸਾ (ਪ੍ਰਭੂ ਦਿਆਲ): ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਨਾਲ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਸਬੰਧੀ ਕਿਸਾਨਾਂ ਵੱਲੋਂ 7 ਅਕਤੂਬਰ 2020 ਤੋਂ ਲਾਇਆ ਗਿਆ ਪੱਕਾ ਮੋਰਚਾ ਅੱਜ ਖ਼ਤਮ ਕਰ ਦਿੱਤਾ ਗਿਆ ਹੈ। ਪੱਕਾ ਮੋਰਚਾ ਖ਼ਤਮ ਕਰਕੇ ਘਰਾਂ ਨੂੰ ਜਾਂਦੇ ਕਿਸਾਨਾਂ ’ਤੇ ਪਿੰਡਾਂ ਦੀਆਂ ਔਰਤਾਂ ਨੇ ਫੁੱਲ ਬਰਸਾਏ। ਕਿਸਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਉਣ ਉਪਰੰਤ ਲੰਗਰ ਲਾਏ। ਧਰਨਾ ਸਮਾਪਤ ਕਰਨ ਤੋਂ ਪਹਿਲਾਂ ਧਰਨੇ ਵਿੱਚ ਗਤਾਰ ਸੇਵਾਵਾਂ ਦੇਣ ਵਾਲੇ ਕਿਸਾਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਆ ਗਿਆ। ਇਸ ਦੌਰਾਨ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਸੰਬੋਧਨ ਕੀਤਾ।