ਗੁਰਜੰਟ ਕਲਸੀ
ਸਮਾਲਸਰ, 28 ਜੂਨ
ਇਥੋਂ ਤਿੰਨ ਕਿਲੋਮੀਟਰ ਦੂਰ ਕੌਮੀ ਮਾਰਗ ’ਤੇ ਬਣੇ ਡਾਕਖਾਨੇ ਨੂੰ ਬਦਲਣ ਸਬੰਧੀ ਲੋਕਾਂ ’ਚ ਸਖ਼ਤ ਗੁੱਸਾ ਹੈ। ਰੋਡੇ ਦੇ ਸਰਪੰਚ ਹੈਪੀ ਨੇ ਦੱਸਿਆ ਕਿ ਕੋਟਕਪੂਰਾ-ਮੋਗਾ ਰੋਡ ’ਤੇ ਸਬ-ਸਟੇਸ਼ਨ ਰੋਡੇ ਖੁਰਦ ’ਚ ਬਣੇ ਡਾਕਖਾਨੇ ਨੂੰ ਅੰਦਰ ਖਾਤੇ ਬਦਲਣ ਸਬੰਧੀ ਕੋਸ਼ਿਸ਼ਾਂ ਜਾਰੀ ਹਨ। ਇਹ ਡਾਕਖਾਨਾ ਕਰੀਬ 50 ਵਰ੍ਹੇ ਪਹਿਲਾਂ ਬਣਾਇਆ ਗਿਆ ਸੀ ਅਤੇ ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਸਮਾਲਸਰ, ਵੈਰੋ ਕੇ, ਮਾੜੀ ਮੁਸਤਫਾ, ਸੇਖਾ ਕਲਾਂ ਆਂਦਿ ਦੇ ਪਿੰਡਾਂ ਨੂੰ ਇਥੋਂ ਹੀ ਡਾਕ ਜਾਂਦੀ ਆਉਂਦੀ ਹੈ। ਇਥੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਸਰਕਾਰੀ ਡਿਗਰੀ ਕਾਲਜ, ਸਰਕਾਰੀ ਬਹੁ-ਤਕਨੀਕੀ ਕਾਲਜ, ਸਰਕਾਰੀ ਪ੍ਰਾਇਮਰੀ ਸਕੂਲ, ਸ਼ਾਖਾ ਬੈਂਕ ਆਫ ਇੰਡੀਆ, ਸਰਕਾਰੀ ਡਿਸਪੈਂਸਰੀ ਦਾ ਡਾਕਖਾਨੇ ਵਿਚ ਅਹਿਮ ਰੋਲ ਹੈ।
ਹੈਪੀ ਨੇ ਆਖਿਆ ਕਿ ਪਤਾ ਲੱਗਾ ਹੈ ਕਿ ਇਥੇ ਪੋਸਟ ਮਾਸਟਰ ਵਜੋਂ ਸੇਵਾ ਦੇ ਰਹੇ ਮੁੱਖ ਅਫਸਰ ਇਥੇ ਇੰਟਰਨੈਟ ਦੀ ਸਮੱਸਿਆ ਨੂੰ ਮੁੱਖ ਮੁੱਦਾ ਬਣਾ ਰਹੇ ਹਨ। ਜੇਕਰ ਇਹ ਸਮੱਸਿਆ ਹੈ ਤਾਂ ਸਰਕਾਰੀ ਕਾਲਜਾਂ, ਬੈਂਕਾਂ, ਡਿਸਪੈਂਸਰੀ ਨੇੜਲੇ ਆਬਾਦੀ ਵਿਚ ਪੜ੍ਹਦੇ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਸਬੰਧੀ ਆਦਿ ਕਿਵੇਂ ਕੰਮ ਚੱਲ ਰਿਹਾ ਹੈ। ਜੇਕਰ ਵਾਕਿਆ ਹੀ ਇਹ ਸਮੱਸਿਆ ਹੈ ਤਾਂ ਫਿਰ ਇਥੇ ਨੈੱਟਵਰਕ ਟਾਵਰ ਲਾਇਆ ਜਾਵੇ। ਪਰ ਡਾਕਖਾਨੇ ਨੂੰ ਬਦਲਣ ਜਾਇਜ਼ ਨਹੀਂ ਹੈ। ਜੇਕਰ ਡਾਕਖਾਨਾ ਬਦਲਿਆ ਗਿਆ ਤਾਂ ਦੂਜੇ ਸਰਕਾਰੀ ਅਦਾਰਿਆਂ ’ਤੇ ਅਸਰ ਪਵੇਗਾ। ਲੋਕਾਂ ਨੇ ਕਿਹਾ ਕਿ ਜੇਕਰ ਡਾਕਖਾਨਾ ਹੋਰ ਥਾਂ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਡਾਕਖਾਨੇ ਤੋਂ ਸੇਵਾਵਾਂ ਲੈ ਰਹੇ ਪਿੰਡ ਦੇ ਲੋਕ ਕੌਮੀ ਮਾਰਗ ਜਾਮ ਕਰਨ ਲਈ ਮਜਬੂਰ ਹੋਣਗੇ।